ਅੰਮ੍ਰਿਤਸਰ ’ਚ 150 ਸਾਲ ਪੁਰਾਣੀ ਦਰਗਾਹ ’ਤੇ ਭੰਨਤੋੜ, ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲਿਆ

0
1

ਅੰਮ੍ਰਿਤਸਰ, 8 ਅਕਤੂਬਰ: ਗੁਰੂਨਗਰੀ ਅੰਮ੍ਰਿਤਸਰ ਦੇ ਅੰਦਰੂਨ ਇਲਾਕੇ ਕਟੜਾ ਮੀਤ ਸਿੰਘ ਦੇ ਖੋਤੀ ਬਾਜ਼ਾਰ ਵਿੱਚ ਕਰੀਬ 150 ਸਾਲ ਪੁਰਾਣੀ ਦਰਗਾਹ ’ਤੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਹਥੌੜੇ ਨਾਲ ਦਰਗਾਹ ਨੂੰ ਨੁਕਸਾਨ ਪਹੁੰਚਾਇਆ ਅਤੇ ਉੱਥੇ ਲੱਗੀਆਂ ਤਸਵੀਰਾਂ ਦੀ ਵੀ ਭੰਨਤੋੜ ਕੀਤੀ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਅਤੇ ਦਰਗਾਹ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

150 ਸਾਲਾਂ ਤੋਂ ਦਰਗਾਹ ’ਤੇ ਨਤਮਸਤਕ ਹੋ ਰਹੀ ਹੈ ਸੰਗਤ

ਦਰਗਾਹ ਦੇ ਮੁੱਖ ਸੇਵਾਦਾਰ ਅਮਨ ਅਤੇ ਇਲਾਕਾ ਵਾਸੀ ਤਰੁਣਬੀਰ ਸਿੰਘ ਨੇ ਦੱਸਿਆ ਕਿ ਇਸ ਦਰਗਾਹ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਪੁਰਾਣੀ ਆਸਥਾ ਜੁੜੀ ਹੋਈ ਹੈ। ਉਨ੍ਹਾਂ ਮੁਤਾਬਕ, ਕਰੀਬ 150 ਸਾਲਾਂ ਤੋਂ ਇਲਾਕੇ ਦੀ ਸੰਗਤ ਇੱਥੇ ਸ਼ਰਧਾ ਨਾਲ ਨਤਮਸਤਕ ਹੁੰਦੀ ਆ ਰਹੀ ਹੈ। ਦਰਗਾਹ ਵਿਖੇ ਮੇਲਾ ਅਤੇ ਭੰਡਾਰਾ ਵੀ ਲਗਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਦਰਗਾਹ ’ਤੇ ਹਥੌੜੇ ਨਾਲ ਭੰਨਤੋੜ ਕਰਨ ਅਤੇ ਤਸਵੀਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ’ਚ ਲਿਆ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਥਾਣਾ ਸੀ ਡਿਵੀਜ਼ਨ ਦੇ ਏਐੱਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਦਰਗਾਹ ’ਤੇ ਭੰਨਤੋੜ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।