ਜਲੰਧਰ ਨਗਰ ਨਿਗਮ ਦੀ ਹਾਊਸ ਮੀਟਿੰਗ ’ਚ ਹੰਗਾਮਾ, ਕਰਮਚਾਰੀਆਂ ਨੇ ਦਫ਼ਤਰ ਬਾਹਰ ਲਾਇਆ ਧਰਨਾ

0
2

ਜਲੰਧਰ ਨਗਰ ਨਿਗਮ ਵਿੱਚ ਕਰਮਚਾਰੀਆਂ ਦੀ ਹੜਤਾਲ ਅਤੇ ਹਾਊਸ ਮੀਟਿੰਗ ਦੌਰਾਨ ਕਾਫ਼ੀ ਹੰਗਾਮਾ ਦੇਖਣ ਨੂੰ ਮਿਲਿਆ। ਇੱਕ ਪਾਸੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਮੁੱਖ ਦਫ਼ਤਰ ਦੇ ਬਾਹਰ ਧਰਨਾ ਦਿੱਤਾ, ਉੱਥੇ ਹੀ ਦੂਜੇ ਪਾਸੇ ਹਾਊਸ ਮੀਟਿੰਗ ਵਿੱਚ ਵੀ ਪਾਰਸ਼ਦਾਂ ਵਿਚਾਲੇ ਤਿੱਖੀ ਬਹਿਸ ਹੋਈ।

ਧਰਨੇ ਦੌਰਾਨ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਕੂੜੇ ਨਾਲ ਭਰੀਆਂ ਗੱਡੀਆਂ ਨਗਰ ਨਿਗਮ ਮੁੱਖ ਦਫ਼ਤਰ ਦੇ ਸਾਹਮਣੇ ਖੜ੍ਹੀਆਂ ਕਰਕੇ ਰਸਤਾ ਬੰਦ ਕਰ ਦਿੱਤਾ। ਇਸ ਕਾਰਨ ਉੱਥੇ ਆਵਾਜਾਈ ਪ੍ਰਭਾਵਿਤ ਹੋਈ। ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਨਿਗਮ ਦੀ ਦੂਜੀ ਮੰਜ਼ਿਲ ’ਤੇ ਜਾਣ ਵਾਲੇ ਰਸਤੇ ਵੀ ਬੰਦ ਕਰ ਦਿੱਤੇ। ਇਸ ਕਾਰਨ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਪਾਰਸ਼ਦਾਂ ਅਤੇ ਹੋਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਉੱਧਰ ਹਾਊਸ ਮੀਟਿੰਗ ਦੌਰਾਨ ਪਾਰਸ਼ਦ ਬੰਟੀ ਨੀਲਕੰਠ ਨੇ ਨਗਰ ਨਿਗਮ ਦੀ 4 ਮਰਲੇ ਜਗ੍ਹਾ ’ਤੇ ਹੋਏ ਕਬਜ਼ੇ ਦਾ ਮੁੱਦਾ ਚੁੱਕਿਆ। ਇਸ ’ਤੇ ਮੇਅਰ ਵਿਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਿੱਚ ਜਿਹੜੇ ਵੀ ਕਬਜ਼ੇ ਹੋਏ ਹਨ, ਉਹ ਕਾਂਗਰਸ ਸਰਕਾਰ ਦੇ ਸਮੇਂ ਹੋਏ ਸਨ। ਉਨ੍ਹਾਂ ਪਾਰਸ਼ਦ ਨੂੰ ਮੀਟਿੰਗ ਵਿੱਚ ਸਿਆਸੀ ਮੁੱਦੇ ਨਾ ਚੁੱਕਣ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਗੱਲ ਕਰਨ ਦੀ ਅਪੀਲ ਕੀਤੀ।

ਇਸ ਤੋਂ ਬਾਅਦ ਇੱਕ ਹੋਰ ਕਾਲੋਨੀ ਵਿੱਚ ਕਬਜ਼ੇ ਦਾ ਮੁੱਦਾ ਚੁੱਕਿਆ ਗਿਆ। ਆਮ ਆਦਮੀ ਪਾਰਟੀ ਦੇ ਪਾਰਸ਼ਦ ਰੋਬਿਨ ਲਵ ਵੱਲੋਂ ਇਸ ਮਾਮਲੇ ’ਤੇ ਆਪਣੀ ਗੱਲ ਰੱਖਣ ਦੌਰਾਨ ਮਹਿਲਾ ਪਾਰਸ਼ਦ ਵੱਲੋਂ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਮੀਟਿੰਗ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਮੇਅਰ ਨੇ ਸਾਰੇ ਪਾਰਸ਼ਦਾਂ ਨੂੰ ਸ਼ਾਂਤ ਰਹਿ ਕੇ ਆਪਣੇ ਮੁੱਦੇ ਰੱਖਣ ਦੀ ਅਪੀਲ ਕੀਤੀ, ਪਰ ਹੰਗਾਮਾ ਜਾਰੀ ਰਿਹਾ। ਇਸ ਤੋਂ ਬਾਅਦ ਪਾਰਸ਼ਦ ਮੀਟਿੰਗ ਵਿੱਚੋਂ ਬਾਹਰ ਚਲੇ ਗਏ ਅਤੇ ਉਨ੍ਹਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਦੌਰਾਨ ਨੀਰਜ ਜੱਸਲ ਨੇ ਦੱਸਿਆ ਕਿ ਉਹ ਆਪਣੇ ਇਲਾਕੇ ਵਿੱਚ ਸੀਵਰੇਜ ਦੇ ਕੰਮ ਵਿੱਚ ਵਰਤੀਆਂ ਜਾ ਰਹੀਆਂ ਘਟੀਆ ਕੁਆਲਿਟੀ ਦੀਆਂ ਇੱਟਾਂ ਲੈ ਕੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਹ ਇਹ ਇੱਟਾਂ ਮੇਅਰ ਵਿਨੀਤ ਧੀਰ ਨੂੰ ਦਿਖਾਉਣਾ ਚਾਹੁੰਦੇ ਸਨ, ਪਰ ਮੇਅਰ ਉਨ੍ਹਾਂ ਵੱਲੋਂ ਲਿਆਂਦੀਆਂ ਇੱਟਾਂ ਦੇਖੇ ਬਿਨਾਂ ਹੀ ਉੱਥੋਂ ਚਲੇ ਗਏ।

ਨਗਰ ਨਿਗਮ ਕਰਮਚਾਰੀਆਂ ਦੀ ਵਾਰ-ਵਾਰ ਹੋ ਰਹੀ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਅਤੇ ਹੋਰ ਨਿਗਮ ਦੇ ਕੰਮਕਾਜ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਹੜਤਾਲ ਅਤੇ ਹਾਊਸ ਮੀਟਿੰਗ ਤੋਂ ਪਹਿਲਾਂ ਹੋਏ ਇਸ ਹੰਗਾਮੇ ਕਾਰਨ ਨਗਰ ਨਿਗਮ ਪ੍ਰਸ਼ਾਸਨ ਅਤੇ ਸ਼ਹਿਰ ਦੇ ਸਿਆਸੀ ਮਾਹੌਲ ਵਿੱਚ ਮੁੜ ਗਰਮਾ-ਗਰਮੀ ਦੇਖਣ ਨੂੰ ਮਿਲੀ।