ਫਿਲਮ ਦੀ ਪ੍ਰਮੋਸ਼ਨ ਨਾ ਕਰਨ ਨੂੰ ਲੈ ਕੇ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖਿਲਾਫ ਕੇਸ ਦਰਜ ਕਰਵਾਇਆ

0
2717

ਚੰਡੀਗੜ੍ਹ | ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਰਜ ਹੋਇਆ ਹੈ। ਅਦਾਕਾਰਾ ਉਪਾਸਨਾ ਸਿੰਘ ਨੇ ਹਰਨਾਜ਼ ਖਿਲਾਫ ਸਿਵਲ ਸੂਟ ਪਟੀਸ਼ਨ ਦਾਇਰ ਕੀਤੀ ਹੈ। ਉਪਾਸਨ ਸਿੰਘ ਵੀਰਵਾਰ ਨੂੰ ਆਪਣੇ ਵਕੀਲ ਨਾਲ ਅਦਾਲਤ ਪਹੁੰਚੀ। ਉਪਾਸਨਾ ਦਾ ਇਲਜ਼ਾਮ ਹੈ ਕਿ ਉਹ ਇੱਕ ਫਿਲਮ ਦਾ ਨਿਰਮਾਣ ਕਰ ਰਹੀ ਸੀ ਜਿਸ ਵਿੱਚ ਹਰਨਾਜ਼ ਕੰਮ ਕਰਨ ਲਈ ਰਾਜ਼ੀ ਹੋ ਗਈ ਸੀ। ਇਸ ਤੋਂ ਬਾਅਦ ਫਿਲਮ ਬਣਨ ਤੋਂ ਬਾਅਦ ਉਹ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਤੇ ਹੁਣ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਉਨ੍ਹਾਂ ਕੋਲ ਹਰਨਾਜ਼ ਦੁਆਰਾ ਕੀਤਾ ਕਨਟ੍ਰੈਕਟ ਵੀ ਪਿਆ ਹੈ।

ਉਪਾਸਨਾ ਅਨੁਸਾਰ ਉਹਨਾਂ ਨੇ ‘ਬਾਈ ਜੀ ਕੁੱਟਣਗੇ’ ਨਾਂ ਦੀ ਪੰਜਾਬੀ ਫ਼ਿਲਮ ਬਣਾਉਣੀ ਸੀ। ਇਸ ਵਿੱਚ ਉਸ ਨੇ ਹਰਨਾਜ਼ ਨੂੰ ਲੀਡ ਰੌਲ ਦਿੱਤਾ। ਕਨਟ੍ਰੈਕਟ ਤਹਿਤ ਕਲਾਕਾਰਾਂ ਨੂੰ ਫ਼ਿਲਮ ਦੇ ਪ੍ਰਚਾਰ ਕਰਨਾ ਪੈਣਾ ਸੀ। ਹਰਨਾਜ਼ ਕੌਰ ਸੰਧੂ ਹੁਣ ਉਪਾਸਨਾ ਦੀ ਫਿਲਮ ਲਈ ਪ੍ਰਚਾਰ ਨਹੀਂ ਕਰ ਰਹੀ ਹੈ।

ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਵਪਾਰ ਅਤੇ ਇਕਰਾਰਨਾਮੇ ਦੇ ਵਾਅਦੇ ਤੋੜ ਦਿੱਤੇ। ਉਸਨੇ ਆਪਣੇ ਆਪ ਨੂੰ ਫਿਲਮ ਦੀ ਕਾਸਟ ਅਤੇ ਕਰੂ ਤੋਂ ਦੂਰ ਕਰ ਲਿਆ ਹੈ। ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਸੰਧੂ ਨੇ ਆਪਣੇ ਆਪ ਨੂੰ ਵੱਡਾ ਸਟਾਰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਉਸਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਮੈਂ ਆਪਣੇ ਬੇਟੇ ਨੂੰ ਇਸ ਫਿਲਮ ਰਾਹੀਂ ਲਾਂਚ ਕਰਨਾ ਸੀ ਪਰ ਹਰਨਾਜ਼ ਸੰਧੂ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਲਈ ਚੰਡੀਗੜ੍ਹ ਅਦਾਲਤ ਵਿੱਚ ਹਰਨਾਜ਼ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ।

ਉਪਾਸਨਾ ਨੇ ਕਿਹਾ ਹੈ ਕਿ ਉਹ ਬਤੌਰ ਨਿਰਮਾਤਾ ਆਪਣੀ ਪਹਿਲੀ ਫ਼ਿਲਮ ਪੰਜਾਬੀ ਵਿੱਚ ਬਣਾਉਣਾ ਚਾਹੁੰਦੀ ਸੀ ਪਰ ਹਰਨਾਜ਼ ਸੰਧੂ ਨੂੰ ਪੰਜਾਬੀ ਇੰਡਸਟਰੀ ਛੋਟੀ ਲੱਗਣ ਲੱਗ ਪਈ ਹੈ। ਉਸ ਨੂੰ ਲੱਗਦਾ ਹੈ ਕਿ ਉਹ ਸਿਰਫ ਬਾਲੀਵੁੱਡ ਅਤੇ ਹਾਲੀਵੁੱਡ ਪ੍ਰੋਜੈਕਟਾਂ ਲਈ ਬਣੀ ਹੈ। ਹਰਨਾਜ਼ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਕਿੱਥੋਂ ਆਈ ਸੀ। ਉਸ ਨੂੰ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਹਰਨਾਜ਼ ਨੇ ਆਪਣੀ ਫਿਲਮ ਦੀ ਪੋਸਟ ਵੀ ਨਹੀਂ ਪਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਬਾਰੇ ਜਨਤਕ ਤੌਰ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।