ਯੂਪੀ ਦਾ ਰਹਿਣ ਵਾਲਾ ਫੌਜੀ ਆਪਣੇ ਗੁੰਡਿਆਂ ਜ਼ਰੀਏ ਪੰਜਾਬ ‘ਚ ਭੇਜਦਾ ਹੈ ਹਥਿਆਰ, 2 ਅਰੋਪੀ ਗ੍ਰਿਫਤਾਰ; ਪੜ੍ਹੋ ਕਿਵੇਂ ਆਉਂਦਾ ਸੀ ਅਸਲਾ

0
1027

ਚੰਡੀਗੜ੍ਹ/ਸੰਗਰੂਰ | ਸੰਗਰੂਰ ਜ਼ਿਲ੍ਹਾ ਪੁਲਿਸ ਨੇ ਅੱਜ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਦੋ ਦੇਸੀ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਵਨ ਕੁਮਾਰ ਵਾਸੀ ਜ਼ਿਲ੍ਹਾ ਅਲੀਗੜ੍ਹ (ਯੂਪੀ) ਅਤੇ ਕੁਲਵਿੰਦਰ ਸਿੰਘ ਵਾਸੀ ਕਰੀਈਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।

ਐਸ.ਐਸ.ਪੀ. ਸੰਗਰੂਰ ਸਵਪਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗੈਰਕਨੂੰਨੀ ਹਥਿਆਰਾਂ ਦੀ ਸਪਲਾਈ ਦੀਆਂ ਘਟਨਾਵਾਂ ਵਧਣ ਤੋਂ ਬਾਅਦ ਡੀਐਸਪੀ ਯੋਗੇਸ਼ ਕੁਮਾਰ, ਇੰਸਪੈਕਟਰ ਦੀਪਿੰਦਰ ਸਿੰਘ ਇੰਚਾਰਜ ਅਪਰਾਧ ਸ਼ਾਖਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ।

ਇੱਕ ਮਹੀਨੇ ਦੀ ਜਾਂਚ ਦੌਰਾਨ ਐਸਆਈਟੀ ਇਸ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬ ਰਹੀ। ਉਨ੍ਹਾਂ ਕਿਹਾ ਕਿ ਪਵਨ ਵੱਲੋਂ ਕੀਤਾ ਗਿਆ ਇਹ ਦੌਰਾ ਪੰਜਾਬ ਵਿੱਚ ਕੀਤੇ ਗਏ ਕਈ ਦੌਰਿਆਂ ਵਿੱਚੋਂ ਇੱਕ ਸੀ ਜਿਸ ਦੌਰਾਨ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਵਨ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਖੇਤਰ ਵਿੱਚ ਕਈ ਹਥਿਆਰ ਸਪਲਾਈ ਕੀਤੇ ਹਨ।

ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਪਵਨ ਜ਼ਿਲ੍ਹਾ ਅਲੀਗੜ੍ਹ (ਯੂਪੀ) ਦੇ ਰਹਿਣ ਵਾਲੇ ਚੰਚਲ ਕੁਮਾਰ, ਜੋ ਕਿ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ ਅਤੇ ਮਾਓ ਵਿਖੇ ਤਾਇਨਾਤ ਹੈ, ਦੇ ਇਸ਼ਾਰੇ `ਤੇ ਕੰਮ ਕਰ ਰਿਹਾ ਸੀ।

ਸਪੱਸ਼ਟ ਤੌਰ `ਤੇ ਚੰਚਲ ਕੁਮਾਰ ਮੱਧ ਪ੍ਰਦੇਸ਼ ਦੇ ਗੈਰਕਨੂੰਨੀ ਹਥਿਆਰ ਨਿਰਮਾਤਾ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਕਈ ਸਾਥੀ ਹਨ, ਜੋ ਰਾਜ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਦੇਸੀ ਹਥਿਆਰ ਪਹੁੰਚਾਉਂਦੇ ਹਨ।

ਵਿਸ਼ੇਸ਼ ਜਾਂਚ ਟੀਮ ਨੇ ਖੁਲਾਸਾ ਕੀਤਾ ਕਿ ਮੱਧ ਪ੍ਰਦੇਸ਼ ਗੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ ਦਾ ਧੁਰਾ ਬਣ ਗਿਆ ਹੈ। ਪਿਛਲੇ ਮਾਮਲਿਆਂ ਦੀ ਜਾਂਚ ਵੀ ਦੇਸੀ ਹਥਿਆਰਾਂ ਦਾ ਧੁਰਾ ਹੋਣ ਸਬੰਧੀ ਮੱਧ ਪ੍ਰਦੇਸ਼ ਵੱਲ ਇਸ਼ਾਰਾ ਕਰਦੀ ਹੈ।

ਐਸਐਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਵਿੱਚ ਸੰਗਰੂਰ ਪੁਲਿਸ ਨੇ ਅਸਲਾ ਐਕਟ ਅਧੀਨ 17 ਕੇਸ ਦਰਜ ਕੀਤੇ ਹਨ ਅਤੇ 32 ਦੇਸੀ ਹਥਿਆਰ ਬਰਾਮਦ ਕੀਤੇ ਹਨ।