ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ : ਬਟਾਲਾ ਦੇ ਭਰਤਪ੍ਰੀਤ ਨੇ ਡਿਸਕਸ ਥਰੋਅ ‘ਚ ਜਿੱਤਿਆ ਗੋਲਡ

0
1107

ਨਿਊਜ਼ ਡੈਸਕ| ਯੇਚਿਓਨ (ਦੱਖਣੀ ਕੋਰੀਆ) ਵਿਖੇ ਸ਼ੁਰੂ ਹੋਈ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੀ ਬਟਾਲਾ ਦੇ 18 ਸਾਲਾ ਅਥਲੀਟ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਦੇ ਹੋਏ ਭਾਰਤ, ਪੰਜਾਬ ਤੇ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾ ਹੈ। ਭਰਤਪ੍ਰੀਤ ਸਿੰਘ ਪੀਆਈਐਸ ਸੈਂਟਰ ਦਾ ਖਿਡਾਰੀ ਹੈ, ਜਿਸ ਨੇ 55.66 ਮੀਟਰ ਥਰੋਅ ਸੁੱਟ ਕੇ ਇਹ ਪ੍ਰਾਪਤੀ ਹਾਸਲ ਕੀਤੀ।

ਇਸ ਸਬੰਧੀ ਭਰਤਪ੍ਰੀਤ ਸਿੰਘ ਦੀ ਮਾਤਾ ਰਜਨੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਬਟਾਲਾ ਵਿਖੇ ਸਾਂਝ ਕੇਂਦਰ ਵਿੱਚ 287 ਰੁਪਏ ਦਿਹਾੜੀ ‘ਤੇ ਡੇਲੀ ਬੇਸ ਤੇ ਕੰਮ ਕਰਦੀ ਹੈ ਜਦਕਿ ਉਸਦੇ ਪਤੀ ਵੀ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਸਨ। ਉਨ੍ਹਾਂ ਦੱਸਿਆ ਕਿ ਭਰਤਪ੍ਰੀਤ ਦਾ ਸੁਪਨਾ ਹੈ ਕਿ ਉਹ ਮਿਹਨਤ ਕਰਕੇ ਆਪਣੇ ਪਿਤਾ ਦੀ ਨੌਕਰੀ ਨੂੰ ਹਾਸਿਲ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੱਚੇ IPS ਅਫਸਰ ਬਣਨਾ ਚਾਹੰਦੇ ਹਨ।

ਭਰਤਪ੍ਰੀਤ ਦੀ ਇਸ ਪ੍ਰਾਪਤੀ ‘ਤੇ ਬਟਾਲਾ ਸਾਂਝ ਕੇਂਦਰ ਦੇ ਇੰਚਾਰਜ ਅਤੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਭਰਤਪ੍ਰੀਤ ਸਿੰਘ ਬਹੁਤ ਮਿਹਨਤੀ ਬੱਚਾ ਹੈ ਅਤੇ ਉਸਦੇ ਸੁਪਨੇ ਵੀ ਵੱਡੇ ਹਨ। ਉਨ੍ਹਾਂ ਦੱਸਿਆ ਕਿ ਉਸਦੀ ਮਾਂ ਰਜਨੀ ਨੇ ਬਹੁਤ ਮਿਹਨਤ ਨਾਲ ਆਪਣੇ ਬੱਚੇ ਪਾਲੇ ਹਨ ਅਤੇ ਹੁਣ ਸਾਨੂੰ ਬਹੁਤ ਖੁਸ਼ੀ ਹੈ ਕੇ ਭਰਤਪ੍ਰੀਤ ਸਿੰਘ ਹੌਲੀ-ਹੌਲੀ ਮਿਹਨਤ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਹੈ।