ਜਲੰਧਰ | ਜਲੰਧਰ ਅਧੀਨ ਆਉਂਦੇ ਨਕੋਦਰ ‘ਚ ਦੋ ਗੁੱਟਾਂ ਵਿਚਾਲੇ ਗੋਲ਼ੀਆਂ ਚੱਲਣ ਤੇ ਤੇਜ਼ਧਾਰ ਹਥਿਆਰਾਂ ਨਾਲ ਹੋਈ ਲੜਾਈ ਕਾਰਨ ਪਿੰਡ ਕਲਿਆਣਪੁਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀਬਾਰੀ ਦੀ ਇਸ ਘਟਨਾ ‘ਚ 1 ਰਾਹਗੀਰ ਸਮੇਤ 3 ਲੋਕ ਜ਼ਖਮੀ ਹੋ ਗਏ। ਤਿੰਨੋਂ ਜ਼ਖ਼ਮੀਆਂ ਨੂੰ ਦੇਰ ਰਾਤ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੋ ਨੌਜਵਾਨਾਂ ਦੀਆਂ ਬਾਂਹਾਂ ਅਤੇ ਲੱਤਾਂ ‘ਤੇ ਗੋਲੀਆਂ ਲੱਗੀਆਂ ਹਨ। ਜ਼ਖ਼ਮੀਆਂ ਦੀ ਪਛਾਣ ਰਾਹੁਲ ਵਾਸੀ ਨਕੋਦਰ, ਸ਼ਰਨਜੀਤ ਵਾਸੀ ਨਵਾਂ ਪਿੰਡ (ਕਾਲਾ ਸੰਘਿਆ) ਅਤੇ ਹਰਮਨਬੀਰ ਸਿੰਘ ਵਾਸੀ ਪਿੰਡ ਉੱਗੀ ਵਜੋਂ ਹੋਈ ਹੈ।
ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਨਕੋਦਰ ਥਾਣਾ ਸਦਰ ਖੇਤਰ ਦੇ ਪਿੰਡ ਕਲਿਆਣਪੁਰ ਵਿੱਚ ਇੱਕ ਪਲਾਟ ਹੈ, ਜਿਸ ਨੂੰ ਲੈ ਕੇ ਦੋ ਗੁੱਟਾਂ ਵਿੱਚ ਝਗੜਾ ਗੋਲੀਬਾਰੀ ਵਿੱਚ ਬਦਲ ਗਿਆ। ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋਵਾਂ ਦੀ ਪੁਰਾਣੀ ਦੁਸ਼ਮਣੀ ਸੀ, ਜਿਸ ਵਿੱਚ ਇਹ ਸਾਰੀ ਗੋਲੀਬਾਰੀ ਹੋਈ। ਉਨ੍ਹਾਂ ਦੱਸਿਆ ਕਿ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਕੋਦਰ ਦੇ ਕਲਿਆਣਪੁਰ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਰਾਹਗੀਰ ਨੂੰ ਵੀ ਗੋਲੀ ਲੱਗੀ ਹੈ। ਜ਼ਖਮੀ ਹਰਮਨ ਨੇ ਦੱਸਿਆ ਕਿ ਉਹ ਆਪਣੇ ਰਸਤੇ ਜਾ ਰਿਹਾ ਸੀ ਤਾਂ ਪਲਾਟ ਨੇੜੇ ਗੋਲੀਬਾਰੀ ਹੋ ਗਈ। ਇਸ ਦੌਰਾਨ ਇੱਕ ਗੋਲੀ ਉਸ ਦੇ ਲੱਗ ਗਈ। ਉਹ ਤੁਰੰਤ ਹਸਪਤਾਲ ਗਿਆ, ਜਿੱਥੋਂ ਉਸ ਨੂੰ ਜਲੰਧਰ ਭੇਜ ਦਿੱਤਾ ਗਿਆ।
ਹਰਜਿੰਦਰ ਸਿੰਘ ਵਾਸੀ ਚੋਟੀਆਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਜਦੋਂ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਤਾਂ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਦਿੱਲੀ ਨਾਂ ਦੇ ਬੰਦੇ, ਪਿੰਡ ਸਹਿਮ ਦੇ ਰਹਿਣ ਵਾਲੇ ਕਾਲੂ ਕੱਟਾ ਤੇਦਲਿਬਰ, ਮਲਸੀਆਂ ਦੇ ਜੋਹਨਾ ਤੇ ਰਵੀ, ਸ਼ਾਹਕੋਟ ਨਿਵਾਸੀ ਸ਼ੇਰਾ ਤੇ ਨਵੀ ਨਾਲ 15 ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ।
ਡੀਐਸਪੀ ਸੁਖਪਾਲ ਨੇ ਦੱਸਿਆ ਕਿ ਦੇਰ ਰਾਤ ਪੁਲਿਸ ਨੇ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ ਗਈਆਂ ਹਨ। ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ‘ਚ ਹੋਣਗੇ।