ਲੁਧਿਆਣਾ ‘ਚ ਘਰ ‘ਚ ਮਿਲੀ ਸੁਰੰਗ : ਭਰਾਵਾਂ ਨੇ ਮਿਲ ਕੇ ਪੁੱਟੀ, ਮਾਂ ਨੇ ਵੀ ਦਿੱਤਾ ਸਾਥ; 100 ਤੋਂ ਵੱਧ ਵਾਰਦਾਤਾਂ, 4 ਮੁਲਜ਼ਮ ਕਾਬੂ

0
980

ਲੁਧਿਆਣਾ| ਜ਼ਿਲ੍ਹੇ ਦੀ ਪੁਲਿਸ ਨੇ ਖੇਤਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਕ ਔਰਤ ਸਮੇਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ। ਗ੍ਰਿਫਤਾਰ ਔਰਤ ਦੋਸ਼ੀਆਂ ਦੀ ਮਾਂ ਹੈ। ਚੋਰੀ ਦੀਆਂ ਮੋਟਰਾਂ ਘਰ ਵਿੱਚ ਸੁਰੰਗ ਬਣਾ ਕੇ ਲੁਕੋਈਆਂ ਸਨ।

ਇਸੇ ਸੁਰੰਗ ਵਿੱਚ ਬੈਠ ਕੇ ਔਰਤ ਤਾਂਬਾ ਅਤੇ ਐਲੂਮੀਨੀਅਮ ਵੱਖਰਾ ਕਰਦੀ ਸੀ। ਇਸ ਤੋਂ ਬਾਅਦ ਚੋਰੀ ਦਾ ਸਮਾਨ ਖਰੀਦਣ ਵਾਲੇ ਸਕਰੈਪ ਡੀਲਰ ਨੂੰ ਬੁਲਾ ਕੇ ਤਾਂਬਾ ਅਤੇ ਐਲੂਮੀਨੀਅਮ ਵੇਚਿਆ ਜਾਂਦਾ ਸੀ। ਸਮਰਾਲਾ ਅਤੇ ਮਾਛੀਵਾੜਾ ਦੀ ਪੁਲਿਸ ਵੱਲੋਂ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ, ਜੋਤੀਰਾਮ, ਹਰਪ੍ਰੀਤ ਕੌਰ ਅਤੇ ਕੁਲਵੰਤ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਸਮਰਾਲਾ ਅਤੇ ਮਾਛੀਵਾੜਾ ਵਿੱਚ ਕਿਸਾਨਾਂ ਦੇ ਖੇਤਾਂ ਵਿੱਚੋਂ ਰੋਜ਼ਾਨਾ ਮੋਟਰਾਂ ਚੋਰੀ ਹੋ ਰਹੀਆਂ ਹਨ। ਪੁਲਿਸ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਇਸ ਘਰ ਵਿੱਚ ਅਨੈਤਿਕ ਕੰਮ ਚੱਲ ਰਿਹਾ ਹੈ। ਜਦੋਂ ਛਾਪਾ ਮਾਰਿਆ ਗਿਆ ਤਾਂ ਇਸ ਘਰ ਵਿੱਚ ਇੱਕ ਸੁਰੰਗ ਵੀ ਮਿਲੀ।

ਮਹਿਲਾ ਮੁਲਜ਼ਮ ਹਰਪ੍ਰੀਤ ਕੌਰ ਇਸ ਸੁਰੰਗ ਵਿੱਚ ਬੈਠ ਕੇ ਚੋਰੀ ਦੇ ਸਾਮਾਨ ਵਿੱਚੋਂ ਤਾਂਬਾ ਅਤੇ ਐਲੂਮੀਨੀਅਮ ਦੀ ਛਾਂਟੀ ਕਰਦੀ ਸੀ। ਮੁਲਜ਼ਮਾਂ ਨੇ ਚੋਰੀ ਦਾ ਸਾਮਾਨ ਵੇਚਣ ਲਈ ਕਬਾੜਖਾਨਾ ਵੀ ਰੱਖਿਆ ਹੋਇਆ ਸੀ। ਮੁਲਜ਼ਮ ਕਬਾੜੀ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ।