ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਸੜਕ ਕਿਨਾਰੇ ਸੁੱਤੇ 2 ਮਾਸੂਮ ਭਰਾਵਾਂ ਨੂੰ ਕਾਰ ਸਵਾਰ ਨੇ ਕੁਚਲਿਆ, ਦੋਵਾਂ ਦੀ ਮੌਤ

0
914

ਲੁਧਿਆਣਾ | ਪਾਇਲ ਦੇ ਰਾੜਾ ਸਾਹਿਬ ਤੋਂ ਲੁਧਿਆਣਾ ਰੋਡ ‘ਤੇ ਲਾਪਰਾ ‘ਚ ਕਟਾਰੀ ਰੋਡ ਨੇੜੇ ਸੜਕ ਕਿਨਾਰੇ ਸੁੱਤੇ ਪਏ 2 ਛੋਟੇ ਬੱਚਿਆਂ ਨੂੰ ਤੇਜ਼ ਰਫ਼ਤਾਰ ਕਾਰ ਚਾਲਕ ਨੇ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ ਦੋਵਾਂ ਬੱਚਿਆਂ ਦੀ ਮੌਤ ਹੋ ਗਈ।

ਦੋਵੇਂ ਮ੍ਰਿਤਕ ਸਕੇ ਭਰਾ ਸਨ। ਇਕ ਦੀ ਉਮਰ ਸਾਢੇ 4 ਤੇ ਦੂਜੇ ਦੀ ਉਮਰ ਡੇਢ ਸਾਲ ਦੱਸੀ ਜਾ ਰਹੀ ਹੈ। ਹਾਦਸੇ ‘ਚ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਪਹਿਲਾਂ ਨਿੱਜੀ ਹਸਪਤਾਲ ਤੇ ਫਿਰ ਲੁਧਿਆਣਾ ਲਿਆਂਦਾ ਗਿਆ ਪਰ ਉਸ ਨੂੰ ਵੀ ਬਚਾਇਆ ਨਹੀਂ ਜਾ ਸਕਿਆ।

ਸ਼ਾਮ 4 ਵਜੇ ਵਾਪਰੀ ਘਟਨਾ, ਸੀਸੀਟੀਵੀ ‘ਚ ਦੇਖੀ ਗਈ ਕਾਰ, ਪੁਲਿਸ ਨੇ ਕੀਤੀ ਟ੍ਰੇਸ

ਰਾੜਾ ਸਾਹਿਬ ਤੋਂ ਲੁਧਿਆਣਾ ਰੋਡ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿੱਥੇ ਸ਼ਾਮ 4 ਵਜੇ ਦੇ ਕਰੀਬ ਇਕ ਮਜ਼ਦੂਰ ਔਰਤ ਆਪਣੇ 2 ਬੱਚਿਆਂ ਨਾਲ ਸੜਕ ਦੇ ਕਿਨਾਰੇ ਆ ਕੇ ਬੈਠ ਗਈ।

ਛੋਟੇ ਬੱਚੇ ਨੂੰ ਨੀਂਦ ਆਉਣ ‘ਤੇ ਔਰਤ ਵੀ ਦੋਵਾਂ ਬੱਚਿਆਂ ਨਾਲ ਸੜਕ ਕਿਨਾਰੇ ਲੇਟ ਗਈ। ਇੰਨੇ ‘ਚ ਆਵਾਜ਼ ਦੇਣ ਤੋਂ ਬਾਅਦ ਔਰਤ ਬੱਚਿਆਂ ਨੂੰ ਸੁਲਾ ਕੇ ਕੰਮ ‘ਤੇ ਚਲੀ ਗਈ।

ਔਰਤ ਅਜੇ ਕੁਝ ਦੂਰ ਹੀ ਪਹੁੰਚੀ ਸੀ ਕਿ ਇਕ ਤੇਜ਼ ਰਫਤਾਰ ਜ਼ੈੱਨ ਕਾਰ ਚਾਲਕ ਦੋਵਾਂ ਬੱਚਿਆਂ ਨੂੰ ਕੁਚਲਦਾ ਹੋਇਆ ਨਿਕਲ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਕਾਰ ਚਾਲਕ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਨੂੰ ਅੰਜਾਮ ਦੇਣ ਵਾਲੀ ਕਾਰ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ, ਜਿਸ ਨੂੰ ਪੁਲਿਸ ਨੇ ਟ੍ਰੇਸ ਕਰ ਲਿਆ ਹੈ।