ਕਪੂਰਥਲਾ ‘ਚ ਦਰਦਨਾਕ ਹਾਦਸਾ : ਸਫੈਦੇ ‘ਚ ਵੱਜੀ ਸਵਿਫਟ ਦੇ ਉੱਡੇ ਪਰਖੱਚੇ, ਜਲੰਧਰ ਦੇ 2 ਵਿਅਕਤੀਆਂ ਦੀ ਮੌਤ

0
2165

ਕਪੂਰਥਲਾ/ਡਡਵਿੰਡੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਾਸ਼ਪੁਰ ਰੋਡ ‘ਤੇ ਤੇਜ਼ ਰਫਤਾਰ ਸਵਿਫਟ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾ ਗਈ ਤੇ ਕਾਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੋਗਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਪੱਤੀ ਸ਼ਾਲਾ ਨਗਰ ਮਲਸੀਆਂ (ਜਲੰਧਰ), ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਪੱਤੀ ਅਕਲਪੁਰ ਮਲਸੀਆਂ (ਜਲੰਧਰ) ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

Joga Singh

ਸੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਲਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜੋਗਾ ਸਿੰਘ ਪੁੱਤਰ ਚਰਨ ਸਿੰਘ ਅਤੇ ਇਕ ਉਨ੍ਹਾਂ ਦੇ ਪਿੰਡ ਦਾ ਵਸਨੀਕ ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਤੜਕੇ ਕਰੀਬ 4 ਵਜੇ ਸਵਿਫਟ ‘ਤੇ ਮਲਸੀਆਂ ਵਾਲੇ ਪਾਸਿਓਂ ਕਪੂਰਥਲਾ ਜਾ ਰਹੇ ਸਨ। ਜਿਵੇਂ ਹੀ ਉਹ ਡਡਵਿੰਡੀ ਰੋਡ ‘ਤੇ ਤਾਸ਼ ਪੁਰ ਮੋੜ ਨੇੜੇ ਪੁੱਜੇ, ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾ ਗਈ।

ਉਨ੍ਹਾਂ ਨੂੰ ਲੱਗਦਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਹੋਵੇਗਾ। ਘਟਨਾ ਸਥਾਨ ‘ਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਹਾਦਸੇ ਵਿਚ ਦੋਵੇਂ ਕਾਰ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਗੱਡੀ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਦੋਵਾਂ ਦੀ ਲਾਸ਼ਾਂ ਨੂੰ ਕਟਰ ਦੀ ਮਦਦ ਨਾਲ ਕਾਰ ਨੂੰ ਕੱਟ ਕੇ ਕੱਢਣਾ ਪਿਆ।