ਅਬੋਹਰ : ਸਾਲਾਸਰ ਧਾਮ ਜਾ ਰਹੇ ਸ਼ਰਧਾਲੂਆਂ ਨਾਲ ਭਰੇ ਟਰੱਕ ਦਾ ਫਟਿਆ ਟਾਇਰ, ਪਲਟਣ ਕਰਕੇ 15 ਲੋਕ ਸੀਰੀਅਸ

0
1946

ਅਬੋਹਰ | ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਤੋਂ ਸਾਲਾਸਰ ਧਾਮ ਜਾ ਰਿਹਾ 50 ਸ਼ਰਧਾਲੂਆਂ ਦਾ ਟਰੱਕ ਪੱਲੂ ਨੇੜੇ ਟਾਇਰ ਫਟਣ ਕਾਰਨ ਪਲਟ ਗਿਆ। ਹਾਦਸੇ ‘ਚ 13 ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜਸਥਾਨ ‘ਚ ਡਾਕਟਰਾਂ ਦੀ ਹੜਤਾਲ ਕਾਰਨ ਅਬੋਹਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿਥੋਂ 2 ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਸ੍ਰੀ ਹਨੂੰਮਾਨ ਮੰਦਰ ਅਰਨੀਵਾਲਾ ਦੇ ਮੁੱਖ ਸੇਵਾਦਾਰ ਜਗਦੀਸ਼ ਸਚਦੇਵਾ ਸਾਲਾਸਰ ਧਾਮ ਲਈ 7ਵੇਂ ਭੰਡਾਰੇ ਲਈ ਰਾਸ਼ਨ ਸਮੱਗਰੀ ਸਮੇਤ 50 ਦੇ ਕਰੀਬ ਸੇਵਾਦਾਰਾਂ ਨੂੰ ਟਰੱਕ ਵਿਚ ਲੈ ਕੇ ਜਾ ਰਹੇ ਸਨ। ਜਦੋਂ ਇਹ ਟਰੱਕ ਤੜਕੇ 2 ਵਜੇ ਦੇ ਕਰੀਬ ਰਾਜਸਥਾਨ ਦੇ ਪੱਲੂ ਨੇੜੇ ਪਹੁੰਚਿਆ ਤਾਂ ਅਚਾਨਕ ਟਾਇਰ ਫਟਣ ਕਾਰਨ ਟਰੱਕ ਸੜਕ ‘ਤੇ ਪਲਟ ਗਿਆ, ਜਿਸ ਕਾਰਨ 13 ਦੇ ਕਰੀਬ ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਜਦਕਿ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਪੱਲੂ ਦੇ ਸਿਵਲ ਹਸਪਤਾਲ ‘ਚ ਲਿਜਾਇਆ ਗਿਆ ਪਰ ਡਾਕਟਰਾਂ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਮਾਮੂਲੀ ਹਾਲਤ ‘ਚ ਅਬੋਹਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸੂਚਨਾ ਮਿਲਦੇ ਹੀ ਅਬੋਹਰ ਦੀ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ ਅਤੇ ਉਨ੍ਹਾਂ ਦੀ ਟੀਮ ਸਿਹਤ ਕਰਮਚਾਰੀਆਂ ਦੇ ਨਾਲ ਇਲਾਜ ਵਿੱਚ ਜੁੱਟ ਗਈ।

ਇਸ ਹਾਦਸੇ ਵਿਚ ਅਰਨੀਵਾਲਾ ਵਾਸੀ ਲਵਲੀ, ਪ੍ਰਦੀਪ ਕੌਰ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਰਮੇਸ਼ ਕੁਮਾਰ, ਕਸ਼ਮੀਰ ਕੌਰ, ਕੁਲਦੀਪ ਸਿੰਘ, ਸੁਖਦੇਵ ਸਿੰਘ, ਦੀਪੂ, ਸੁਖਪ੍ਰੀਤ, ਪਰਮਜੀਤ ਕੌਰ, ਚਿਮਨ ਸਿੰਘ ਅਤੇ ਛਿੰਦਰਪਾਲ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਕਸ਼ਮੀਰ ਕੌਰ ਅਤੇ ਕੁਲਦੀਪ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।