ਟਰੈਕਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 30 ਫੁੱਟ ਤਕ ਲੈ ਗਿਆ ਘਸੀਟਦਾ, ਔਰਤ ਸਣੇ 3 ਜ਼ਖਮੀ

0
452

ਫਾਜ਼ਿਲਕਾ, 6 ਦਸੰਬਰ | ਟਰੈਕਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਡਰਾਈਵਰ ਉਸ ਨੂੰ ਕਰੀਬ 30 ਫੁੱਟ ਤੱਕ ਘਸੀਟਦਾ ਰਿਹਾ। ਇਸ ਹਾਦਸੇ ‘ਚ ਇਕ ਔਰਤ ਸਮੇਤ 3 ਲੋਕ ਗੰਭੀਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਦੋਸ਼ੀ ਡਰਾਈਵਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਇਹ ਹਾਦਸਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਵਾਪਰਿਆ। ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਭਰਜਾਈ ਨੇ ਬੱਚੇ ਨੂੰ ਜਨਮ ਦਿੱਤਾ ਹੈ, ਜੋ ਕਿ ਸਰਕਾਰੀ ਹਸਪਤਾਲ ‘ਚ ਦਾਖਲ ਹੈ, ਉਸ ਨੂੰ ਖਾਣਾ ਦੇਣ ਤੋਂ ਬਾਅਦ ਉਸ ਦਾ ਭਰਾ, ਉਸ ਦੀ ਮਾਂ ਅਤੇ ਭਤੀਜਾ ਮੋਟਰਸਾਈਕਲ ‘ਤੇ ਵਾਪਸ ਆ ਰਹੇ ਸਨ।

ਇਸ ਦੌਰਾਨ ਟਰੈਕਟਰ ਟਰਾਲੀ ਚਾਲਕ ਨੇ ਟਰੈਕਟਰ ਟਰਾਲੀ ਉਸ ਦੇ ਉੱਪਰ ਚੜ੍ਹਾ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੈਕਟਰ ਚਾਲਕ ਨਸ਼ੇ ਦੀ ਹਾਲਤ ‘ਚ ਬਾਈਕ ਸਵਾਰਾਂ ਨੂੰ 30 ਫੁੱਟ ਤੱਕ ਕੜੀਸ ਕੇ ਲੈ ਗਿਆ।

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ, ਜਿਸ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।