ਮੁਹਾਲੀ, 30 ਸਤੰਬਰ | ਪੰਜਾਬ ਵਿਚ ਮੁਆਵਜ਼ੇ, ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਪੰਜਾਬ ਭਰ ਵਿੱਚ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨ ਅੱਜ ਹਰਿਆਣਾ ਵਿੱਚ ਵੀ ਆਪਣਾ ਧਰਨਾ ਸ਼ੁਰੂ ਕਰ ਰਹੇ ਹਨ। ਵੱਖ-ਵੱਖ ਸੂਬਿਆਂ ਦੀਆਂ 19 ਕਿਸਾਨ ਜਥੇਬੰਦੀਆਂ ਅੱਜ ਅੰਬਾਲਾ ‘ਚ 20 ਥਾਵਾਂ ‘ਤੇ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕਰਨਗੀਆਂ।
ਕਿਸਾਨ ਜਥੇਬੰਦੀਆਂ ਅੱਜ ਅਗਲੀ ਰਣਨੀਤੀ ‘ਤੇ ਵਿਚਾਰ ਕਰਨਗੀਆਂ। ਇਸ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਕਿਸਾਨ ਟਰੈਕ ਛੱਡਣਗੇ ਜਾਂ ਇੱਥੇ ਹੀ ਖੜ੍ਹੇ ਰਹਿਣਗੇ। ਰੇਲਵੇ ਟਰੈਕ ਜਾਮ ਤੋਂ ਬਾਅਦ ਅੰਬਾਲਾ ਤੋਂ ਅੰਮ੍ਰਿਤਸਰ, ਪਠਾਨਕੋਟ ਤੋਂ ਅੰਮ੍ਰਿਤਸਰ ਅਤੇ ਪੰਜਾਬ ਤੋਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਤੋਂ ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਆਦਿ ਸਾਰੇ ਰਸਤੇ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਇਸ ਨਾਲ ਅੱਜ 203 ਟਰੇਨਾਂ ਪ੍ਰਭਾਵਿਤ ਹੋਈਆਂ ਹਨ।
ਅੱਜ ਅੰਮ੍ਰਿਤਸਰ ਵਿੱਚ ਮਹਿਲਾ ਕਿਸਾਨ ਇਕੱਠੀਆਂ ਹੋ ਰਹੀਆਂ ਹਨ। ਦੁਪਹਿਰ ਤੋਂ ਬਾਅਦ ਔਰਤਾਂ ਕਿਸਾਨਾਂ ਦਾ ਸਮਰਥਨ ਕਰਨ ਲਈ ਟਰੈਕ ‘ਤੇ ਪਹੁੰਚ ਜਾਣਗੀਆਂ। ਇਸ ਦੇ ਨਾਲ ਹੀ ਕਿਸਾਨਾਂ ਨੇ 23-24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦੇਸ਼ ਭਰ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ।