ਡੀਲਰਾਂ ਤੋਂ ਤੰਗ ਹੋ ਕੇ 2 ਧੀਆਂ ਦੇ ਪਿਓ ਨੇ ਮੌਤ ਨੂੰ ਲਾਇਆ ਗਲੇ, ਸਾਮਾਨ ਦੇ ਪੈਸੇ ਮੰਗਣ ‘ਤੇ ਦਿੰਦੇ ਸਨ ਧਮਕੀਆਂ

0
446

ਅੰਮ੍ਰਿਤਸਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਹੈ। ਛਾਉਣੀ ਥਾਣੇ ਅਧੀਨ ਪੈਂਦੇ ਜੁਝਾਰ ਸਿੰਘ ਐਵੀਨਿਊ ਦੇ ਰਹਿਣ ਵਾਲੇ ਮਨੀਸ਼ ਮੱਲ੍ਹੀ (38) ਨੇ ਸ਼ਨੀਵਾਰ ਰਾਤ ਜ਼ਹਿਰੀਲਾ ਪਦਾਰਥ ਨਿਗਲ ਕੇ ਮੌਤ ਨੂੰ ਗਲੇ ਲਗਾ ਲਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮਨੀਸ਼ ਪਿਛਲੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਸੀ ਕਿਉਂਕਿ 3 ਡੀਲਰ ਉਸ ਨੂੰ ਪੈਸੇ ਨਹੀਂ ਦੇ ਰਹੇ ਸਨ।

ਅਰੁਣ ਕੁਮਾਰ ਨੇ ਦੱਸਿਆ ਕਿ ਮਨੀਸ਼ ਉਸ ਦਾ ਬਹੁਤ ਕਰੀਬੀ ਦੋਸਤ ਸੀ। ਮਨੀਸ਼ ਦਾ ਵਿਆਹ ਕਰੀਬ 14 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਘਰ 2 ਬੇਟੀਆਂ ਹਨ। ਉਸ ਨੇ ਕਈ ਵਾਰ ਮਨੀਸ਼ ਤੋਂ ਉਸ ਦੀ ਸਮੱਸਿਆ ਦਾ ਕਾਰਨ ਪੁੱਛਿਆ ਸੀ ਤਾਂ ਮਨੀਸ਼ ਨੇ ਅਰੁਣ ਨੂੰ ਦੱਸਿਆ ਸੀ ਕਿ ਸ਼ਹਿਰ ਦੇ 3 ਡੀਲਰ ਉਸ ਨੂੰ ਪਤੰਜਲੀ ਦੇ ਸਾਮਾਨ ਲਈ ਪੈਸੇ ਨਹੀਂ ਦੇ ਰਹੇ। ਕੰਪਨੀ ਨੇ ਉਨ੍ਹਾਂ ਤਿੰਨ ਡੀਲਰਾਂ ਨੂੰ 1.5 ਕਰੋੜ ਰੁਪਏ ਦੀ ਬਿਲਿੰਗ ਜਾਰੀ ਕੀਤੀ ਹੈ।

ਉਹ ਕਈ ਵਾਰ ਮੁਲਜ਼ਮਾਂ ਦੇ ਘਰ ਚੱਕਰ ਕੱਟ ਚੁੱਕਾ ਹੈ ਤੇ ਉਸ ਨੂੰ ਧਮਕੀਆਂ ਦਿੰਦੇ ਸਨ। ਅਰੁਣ ਨੇ ਦੱਸਿਆ ਕਿ ਇਸ ਸਬੰਧੀ ਮਨੀਸ਼ ਦਾ ਤਿੰਨ ਡੀਲਰਾਂ ਨਾਲ ਝਗੜਾ ਹੋਇਆ ਸੀ। ਸ਼ਨੀਵਾਰ ਸਵੇਰੇ ਡੀਲਰਾਂ ਨੇ ਮਨੀਸ਼ ਮੱਲ੍ਹੀ ਨੂੰ ਆਪਣੇ ਘਰ ਬੁਲਾਇਆ ਅਤੇ ਬਹੁਤ ਜ਼ਲੀਲ ਕੀਤਾ। ਅਰੁਣ ਨੇ ਦੋਸ਼ ਲਾਇਆ ਕਿ ਡੀਲਰਾਂ ਤੋਂ ਤੰਗ ਆ ਕੇ ਮਨੀਸ਼ ਨੇ ਜਾਨ ਦੇ ਦਿੱਤੀ। ਦੂਜੇ ਪਾਸੇ ਏਡੀਸੀਪੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।