ਫਿਲੌਰ 13 ਫਰਵਰੀ। ਬੀਤੇ ਦਿਨੀ ਫਿਲੋਰ ਤਹਿਸੀਲ ਕੰਪਲੈਕਸ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਾਇਬ ਤਹਿਸੀਲਦਾਰ ਨੂੰ ਦਫ਼ਤਰ ’ਚ ਬੰਧਕ ਬਣਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਜ਼ਮੀਨ ਦੀ ਜ਼ਬਰਦਸਤੀ ਰਜਿਸਟਰੀ ਕਰਵਾਈ ਗਈ। ਇਸ ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਨਗੋ ਤੇ ਪਟਵਾਰੀ ਵੀ ਨਾਇਬ ਤਹਿਸੀਲਦਾਰ ਦੇ ਸਮਰਥਨ ’ਚ ਆ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਤਿੰਨ ਦਿਨਾਂ ਦੇ ਅੰਦਰ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਹੜਤਾਲ ’ਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਰਾਮਜੀ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਪੁਲਿਸ ਅਧਿਕਾਰੀ ਅਜੇ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕਰ ਰਹੇ ਹਨ।
ਦੱਸ ਦਈਏ ਕਿ ਸੋਮਵਾਰ, 10 ਫਰਵਰੀ ਨੂੰ ਫਿਲੌਰ ਦੀ ਨਾਇਬ ਤਹਿਸੀਲਦਾਰ ਸੁਨੀਤਾ ਨੇ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਉਹ ਦਫ਼ਤਰ ’ਚ ਰਜਿਸਟਰੀ ਦਾ ਕੰਮ ਕਰ ਰਹੀ ਸੀ। ਇਸ ਦੌਰਾਨ ਗੰਨਾ ਪਿੰਡ ਦੇ ਰਾਮਜੀ ਦਾਸ ਤੇ ਪਿੰਡ ਪੰਜਢੇਰਾ ਦੇ ਨੰਬਰਦਾਰ ਕੁਲਦੀਪ ਕੁਮਾਰ ਆਪਣੇ ਸਾਥੀਆਂ ਸਮੇਤ ਦਫ਼ਤਰ ’ਚ ਦਾਖਲ ਹੋਏ। ਰਾਮਜੀ ਦੇ ਹੱਥ ’ਚ ਕੁਝ ਦਸਤਾਵੇਜ਼ ਸਨ ਜਿਸਨੂੰ ਦਿਖਾ ਕੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਤੁਰੰਤ ਰਜਿਸਟਰੀ ਕਰਨ ਲਈ ਕਿਹਾ। ਜਦੋਂ ਉਸ ਨੂੰ ਕਿਹਾ ਗਿਆ ਕਿ ਜੋ ਨਿਯਮ ਹਨ ਉਸ ਨੂੰ ਪੂਰਾ ਕਰਨ ਤੇ ਫਿਰ ਰਜਿਸਟਰੀ ਕਰਵਾਉਣ ਤਾਂ ਇਹ ਸੁਣ ਕੇ ਰਾਮਜੀ ਦਾਸ ਤੈਸ਼ ’ਚ ਆ ਗਿਆ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਦਫ਼ਤਰ ’ਚ ਬੰਧਕ ਬਣਾ ਲਿਆ ਤੇ ਉਨ੍ਹਾਂ ਵਿਰੁੱਧ ਅਪਮਾਨਜਨਕ ਸ਼ਬਦ ਕਹਿਣ ਲੱਗਿਆ। ਦਫ਼ਤਰ ’ਚ ਦਾਖਲ ਹੋਏ ਇਨ੍ਹਾਂ ਲੋਕਾਂ ਦੇ ਹਮਲਾਵਰ ਵਿਵਹਾਰ ਕਾਰਨ ਦਫ਼ਤਰ ਦਾ ਸਟਾਫ਼ ਵੀ ਡਰ ਗਿਆ। ਰਾਮਜੀ ਦਾਸ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਜ਼ਬਰਦਸਤੀ ਜ਼ਮੀਨ ਦੀ ਰਜਿਸਟਰੀ ਕਰਵਾ ਲਈ। ਦਫ਼ਤਰ ਤੋਂ ਜਾਣ ਤੋਂ ਬਾਅਦ, ਉਸ ਨੇ ਨੂਰਮਹਿਲ ਤੇ ਗੁਰਾਇਆ ਦੇ ਤਹਿਸੀਲਦਾਰਾਂ ਤੋਂ ਇਲਾਵਾ ਕਾਨੂੰਨਗੋ ਐਸੋਸੀਏਸ਼ਨ ਤੇ ਪਟਵਾਰ ਯੂਨੀਅਨ ਦੇ ਮੁਖੀ ਨੂੰ ਘਟਨਾ ਬਾਰੇ ਸੂਚਿਤ ਕੀਤਾ। ਸਟਾਫ਼ ਨਾਲ ਮੀਟਿੰਗ ਤੋਂ ਬਾਅਦ, ਉਨ੍ਹਾਂ ਨੇ ਮੁਲਜ਼ਮ ਵਿਰੁੱਧ ਕਾਰਵਾਈ ਲਈ ਸ਼ਿਕਾਇਤ ਦਰਜ ਕਰਵਾਈ।
ਇਸ ਘਟਨਾ ਤੋਂ ਬਾਅਦ ਨਾਇਬ ਤਹਿਸੀਲਦਾਰ ਦੇ ਸਮਰਥਨ ’ਚ ਆਏ ਜ਼ਿਲ੍ਹੇ ਦੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 14 ਫਰਵਰੀ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਉਹ ਹੜਤਾਲ ’ਤੇ ਜਾਣਗੇ। ਇਸ ਤੋਂ ਬਾਅਦ ਪੁਲਿਸ ਨੇ ਰਾਮਜੀ ਦਾਸ, ਨੰਬਰਦਾਰ ਕੁਲਦੀਪ ਤੇ ਕੁਝ ਅਣਪਛਾਤੇ ਲੋਕਾਂ ਵਿਰੁੱਧ ਸਰਕਾਰੀ ਕੰਮ ’ਚ ਰੁਕਾਵਟ ਪਾਉਣ, ਜਾਨੋਂ ਮਾਰਨ ਦੀ ਧਮਕੀ ਦੇਣ, ਦਫ਼ਤਰ ’ਚ ਦਾਖਲ ਹੋਣ ਤੇ ਸਰਕਾਰੀ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮਜੀ ਦਾਸ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨੰਬਰਦਾਰ ਕੁਲਦੀਪ ਕੁਮਾਰ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਮਾਲੀਆ ਵਿਭਾਗ ਦੇ ਅਧਿਕਾਰੀਆਂ ਨੇ ਡੀਸੀ ਜਲੰਧਰ ਨੂੰ ਨੰਬਰਦਾਰ ਕੁਲਦੀਪ ਕੁਮਾਰ ਨੂੰ ਬਰਖਾਸਤ ਕਰਨ ਲਈ ਇਕ ਪੱਤਰ ਵੀ ਲਿਖਿਆ ਹੈ ਅਤੇ ਨੰਬਰਦਾਰ ਵਿਰੁੱਧ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ, ਕਿ ਦੋਸ਼ਿਆ ਨੂੰ ਸਖਤ ਸ਼ਜਾ ਦਿੱਤੀ ਜਾਵੇਗੀ ।