ਜਲੰਧਰ, 19 ਜੁਲਾਈ। ਲੱਧੇਵਾਲੀ ਫਲਾਈਓਵਰ ਕੋਲ ਸਥਿਤ ਐਸਬੀਆਈ ਦੇ ਏਟੀਐਮ ਨੂੰ ਹੀ ਚੋਰ ਪੁੱਟ ਕਰ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਏਟੀਐਮ ‘ਚ 45 ਲੱਖ ਰੁਪਏ ਪਏ ਹੋਏ ਸਨ। ਇਸ ਘਟਨਾ ਨੂੰ ਲੈ ਕੇ ਪੁਲਿਸ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਮਾਮਲੇ ਦੀ ਸੂਚਨਾ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਆਪਣੀ ਦੁਕਾਨ ‘ਤੇ ਆਏ ਤਾਂ ਪਤਾ ਲੱਗਾ ਕਿ ਬੈਂਕ ਦਾ ਏਟੀਐਮ ਚੋਰ ਪੁੱਟ ਕੇ ਲੈ ਗਏ। ਚੋਰਾਂ ਗੈਸ ਕਟਰ ਦੀ ਮਦਦ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ।
ਉਥੇ ਹੀ ਏਟੀਐਮ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਤੇ ਚੋਰਾਂ ਨੇ ਬਲੈਕ ਸਪ੍ਰੇਅ ਕੀਤਾ। ਚੋਰਾਂ ਵੱਲੋਂ ਵਾਰਦਾਤ ਨੂੰ ਦਿੱਤੇ ਗਏ ਅੰਜਾਮ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਏਟੀਐਮ ‘ਚ ਕੋਈ ਸਕਿਓਰਿਟੀ ਗਾਰਡ ਮੌਜੂਦ ਨਹੀਂ ਸੀ। ਹਾਲਾਂਕਿ ਪੁਲਿਸ ਵੱਲੋਂ ਬੈਂਕਾਂ ਨੂੰ ਏਟੀਐਮ ‘ਚ ਸਕਿਓਰਿਟੀ ਗਾਰਡ ਰੱਖਣ ਦੀਆਂ ਹਦਾਇਤਾਂ ਪਹਿਲਾਂ ਹੀ ਦਿੱਤੀਆਂ ਹੋਈਆਂ ਹਨ । ਚੋਰ ਜਾਂਦੇ ਸਮਾਂ ਸੱਬਲ ਉਥੇ ਹੀ ਉਹ ਛੱਡ ਗਏ। ਪੁਲਿਸ ਵੱਲੋਂ ਸੱਬਲ ਨੂੰ ਕਬਜ਼ੇ ‘ਚ ਲੈ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਪੁਲਿਸ ਦਾ ਕਹਿਣਾ ਹੈਕਿ ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸਵੇਰੇ 9. 30 ਵਜੇ ਉਨ੍ਹਾਂ ਨੂੰ ਏਟੀਐਮ ਪੁੱਟ ਕੇ ਲਿਜਾਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਬੈਂਕ ਨਾਲ ਘਟਨਾ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਚੌਕੀਦਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।