ਥਾਣੇ ‘ਚੋਂ ਗਹਿਣੇ ਤੇ ਨਕਦੀ ਚੋਰੀ, ਉਸੇ ਥਾਣੇ ‘ਚ FIR ਦਰਜ ਕਰਾਉਣ ਲਈ ਕਰਨੀ ਪਈ ਭਾਰੀ ਜੱਦੋ-ਜਹਿਦ

0
2648

ਕੋਟਾ। ਕੋਟਾ ਦੇ ਇੱਕ ਥਾਣੇ ਦੀ ਅਲਮਾਰੀ ਵਿੱਚੋਂ ਕਥਿਤ ਤੌਰ ‘ਤੇ 9.85 ਲੱਖ ਰੁਪਏ ਦੇ ਗਹਿਣੇ ਅਤੇ 1.50 ਲੱਖ ਰੁਪਏ ਦੀ ਨਕਦੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੇ ਪੀੜਤ ਪੁਲਿਸ ਦੇ ਹੀ ਇੱਕ ਸਾਬਕਾ ਸਬ-ਇੰਸਪੈਕਟਰ ਨੂੰ ਉਸੇ ਹੀ ਥਾਣੇ ‘ਚ ਇਸ ਬਾਰੇ ਐਫ਼.ਆਈ.ਆਰ. ਦਰਜ ਕਰਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਈ।

ਇਹ ਅਲਮਾਰੀ 24 ਘੰਟੇ ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਰਹਿੰਦੇ ਕਮਰੇ ਵਿੱਚ ਰੱਖੀ ਹੋਈ ਸੀ। ਚੋਰੀ ਹੋਏ ਗਹਿਣੇ ਅਤੇ ਨਕਦੀ ਇੱਕ ਸੇਵਾਮੁਕਤ ਸਬ-ਇੰਸਪੈਕਟਰ ਦੇ ਸਨ। ਪੀੜਤ ਸਾਬਕਾ ਸਬ-ਇੰਸਪੈਕਟਰ ਰਾਮ ਕਰਨ ਨਾਗਰ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਸ ਨੇ ਆਪਣੀ ਮ੍ਰਿਤਕ ਪਤਨੀ ਦੇ ਗਹਿਣੇ ਅਤੇ ਨਕਦੀ ਇਸ ਸਾਲ ਅਪਰੈਲ ਮਹੀਨੇ ਥਾਣਾ ਗੁਮਾਨਪੁਰਾ ਦੀ ਇਸ ਅਲਮਾਰੀ ਵਿੱਚ ਰੱਖੇ ਸਨ, ਕਿਉਂਕਿ ਉਹ ਇਨ੍ਹਾਂ ਨੂੰ ਲਾਕਰ ਵਿੱਚ ਰੱਖਣ ਲਈ ਬੈਂਕ ਨਹੀਂ ਜਾ ਸਕਿਆ ਸੀ।

ਜਦੋਂ ਨਾਗਰ ਨੇ 16 ਜੁਲਾਈ ਨੂੰ ਅਲਮਾਰੀ ਖੋਲ੍ਹੀ ਤਾਂ ਗਹਿਣੇ ਤੇ ਨਕਦੀ ਗਾਇਬ ਸੀ। ਸਾਬਕਾ ਸਬ-ਇੰਸਪੈਕਟਰ ਨੇ ਦੋਸ਼ ਲਾਇਆ ਕਿ ਇਸ ਬਾਰੇ ਕੇਸ ਦਰਜ ਕਰਵਾਉਣ ਲਈ ਉਸ ਨੂੰ ਤਕਰੀਬਨ ਡੇਢ ਮਹੀਨੇ ਤੱਕ ਦਰ-ਦਰ ਭਟਕਣਾ ਪਿਆ, ਕਿਉਂਕਿ ਸੀਨੀਅਰ ਅਧਿਕਾਰੀ ਉਸ ਦੀ ਸ਼ਿਕਾਇਤ ਨੂੰ ਲਗਾਤਾਰ ‘ਨਜ਼ਰਅੰਦਾਜ਼’ ਕਰਦੇ ਰਹੇ। ਸ਼ਿਕਾਇਤਕਰਤਾ ਨੇ ਕਮਰੇ ਦੀ ਨਿਗਰਾਨੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਸ਼ੱਕ ਜਤਾਇਆ ਹੈ।

ਦੂਜੇ ਪਾਸੇ ਇਲਾਕੇ ਦੇ ਉਪ ਪੁਲਿਸ ਕਪਤਾਨ ਨੇ ਸ਼ਿਕਾਇਤ ਦਰਜ ਕਰਨ ਵਿੱਚ ਦੇਰੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਅਜਿਹੀ ਕੋਈ ਦੇਰ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਦੋ ਦਿਨ ਪਹਿਲਾਂ ਹੀ ਆਇਆ ਸੀ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਜਾ ਚੁੱਕਿਆ ਹੈ।