ਚਿੱਟੇ ਦੇ ਟੀਕੇ ਲਗਾਉਣ ਕਾਰਨ ਨੌਜਵਾਨ ਦਾ ਦਿਮਾਗ ਸੁੰਨ ਹੋਇਆ, ਹਸਪਤਾਲ ਜਾ ਕੇ ਮੌਤ

0
845

ਤਰਨਤਾਰਨ : ਪੱਟੀ ਵਿਚ ਇਕ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਿਆ । 30 ਸਾਲਾ ਜਤਿੰਦਰ ਸਿੰਘ ਨੂੰ ਨਸ਼ੇ ਕਾਰਨ ਹਾਲਤ ਵਿਗੜ ਜਾਣ ਕਰਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ । 4 ਸਾਲ ਪਹਿਲਾਂ ਮ੍ਰਿਤਕ ਜਤਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਦੀ ਮੌਤ ਵੀ ਨਸ਼ੇ ਕਾਰਨ ਹੋਈ ਸੀ। ਮ੍ਰਿਤਕ ਦੀ ਪਤਨੀ ਵੀ ਨਸ਼ਿਆਂ ਕਾਰਨ ਉਸਨੂੰ ਛੱਡ ਕੇ ਜਾ ਚੁੱਕੀ ਹੈ। ਮ੍ਰਿਤਕ ਦੇ ਦੋ ਬੱਚੇ ਹਨ।

ਇਸ ਬਾਰੇ ਮ੍ਰਿਤਕ ਦੀ ਮਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸਦਾ ਲੜਕਾ ਚਿੱਟੇ ਦਾ ਨਸ਼ਾ ਕਰਦਾ ਸੀ ਅਤੇ ਟੀਕੇ ਵੀ ਲਗਾਉਂਦਾ ਸੀ ਜਿਸ ਕਰਕੇ ਉਸਦਾ ਦਿਮਾਗ ਸੁੰਨ ਹੋ ਗਿਆ ਅਤੇ ਲੱਤਾਂ ਵੀ ਖਲ਼ੋ ਗਈਆਂ ਸਨ। ਉਸਨੇ ਦੱਸਿਆ ਕਿ 4 ਸਾਲ ਪਹਿਲਾਂ ਵੀ ਉਸਦਾ ਇਹ ਪੁੱਤ ਨਸ਼ੇ ਕਾਰਨ ਮਰ ਚੁੱਕਾ ਹੈ ਅਤੇ ਉਸਦੀਆਂ ਨੂੰਹਾਂ ਘਰ ਛੱਡ ਕੇ ਜਾ ਚੁੱਕੀਆਂ ਹਨ। ਹੁਣ ਉਹ ਘਰ ਵੀ ਇਕੱਲੀ ਰਹਿ ਗਈ।

ਮ੍ਰਿਤਕ ਦੀ ਮਾਂ ਨੇ ਭਗਵੰਤ ਮਾਨ ਦੀ ਸਰਕਾਰ ‘ਤੇ ਸਵਾਲ ਚੁੱਕਦੇ ਕਿਹਾ ਕਿ ਲੋਕਾਂ ਨੇ ਬਦਲਾਅ ਲਈ ਨਵੀਂ ਸਰਕਾਰ ਲਿਆਂਦੀ ਸੀ ਪਰ ਪੱਟੀ ਵਿਚੋਂ ਨਸ਼ਾ ਖ਼ਤਮ ਨਹੀਂ ਹੋ ਰਿਹਾ। ਉਸਨੇ ਪੱਟੀ ਦੇ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਬਾਰੇ ਕਿਹਾ ਕਿ ਲੋਕਾਂ ਨੇ ਵੋਟਾਂ ਪਾ ਕੇ ਉਸਨੂੰ ਜਿਤਾਇਆ ਪਰ ਅੱਜ ਤੱਕ ਉਸਨੇ ਪੱਟੀ ਵਿਚੋਂ ਨਸ਼ੇ ਖ਼ਤਮ ਕਰਨ ਲਈ ਕੁਝ ਨਹੀਂ ਕੀਤਾ। ਨਸ਼ੇ ਕਾਰਨ ਨੌਜਵਾਨ ਮੁਕ ਰਹੇ ਹਨ ਉਸਨੇ ਪ੍ਰਧਾਨ ਮੰਤਰੀ,ਮੁੱਖ ਮੰਤਰੀ ਕੋਲ ਅਪੀਲ ਕੀਤੀ ਕਿ ਨਸ਼ਿਆਂ ਦਾ ਖਾਤਮਾ ਕਰ ਬਾਕੀ ਨੌਜਵਾਨੀ ਨੂੰ ਖ਼ਤਮ ਹੋਣ ਤੋਂ ਬਚਾਇਆ ਜਾਵੇ।