ਸਟੱਡੀ ਵੀਜ਼ੇ ‘ਤੇ ਆਸਟ੍ਰੇਲੀਆ ਭੇਜੀ ਪਤਨੀ ਨੇ ਪਤੀ ਨੂੰ ਭੇਜੇ ਤਲਾਕ ਦੇ ਕਾਗਜ਼, ਦੁਖੀ ਪਤੀ ਨੇ ਦਿੱਤੀ ਜਾਨ

0
600

ਸੰਗਰੂਰ/ਧੂਰੀ| ਵਿਦੇਸ਼ ‘ਚ ਸੈਟਲ ਹੋਣ ਦੇ ਕ੍ਰੇਜ਼ ਨੇ ਇਕ ਹੋਰ ਘਰ ਉਜਾੜ ਦਿੱਤਾ ਹੈ। ਮਾਮਲਾ ਧੂਰੀ ਦੇ ਪਿੰਡ ਕਾਂਝਲਾ ਦਾ ਹੈ, ਜਿਥੇ ਇਕ ਨੌਜਵਾਨ ਜਸਮੀਤ ਸਿੰਘ (34) ਪੁੱਤਰ ਸਵ. ਜਸਪਾਲ ਸਿੰਘ ਨੇ ਬੀਤੇ ਦਿਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਤਾਏ ਦੇ ਮੁੰਡੇ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਮੀਤ ਸਿੰਘ ਵਿਆਹ ਉਪਰੰਤ ਸਾਲ 2019 ’ਚ ਆਪਣੀ ਪਤਨੀ ਨਾਲ ਵਿਜੀਟਰ ਵੀਜ਼ੇ ਰਾਹੀਂ ਆਸਟ੍ਰੇਲੀਆ ਗਿਆ ਸੀ, ਜਿਥੇ ਉਸ ਨੇ ਆਪਣੀ ਪਤਨੀ ਦਾ ਸਟੱਡੀ ਵੀਜ਼ਾ ਲਗਵਾ ਦਿੱਤਾ । ਸਾਰਾ ਖਰਚਾ ਮ੍ਰਿਤਕ ਦੇ ਪਰਿਵਾਰ ਵੱਲੋਂ ਕੀਤਾ ਗਿਆ ਅਤੇ ਜਸਮੀਤ ਦੀ ਪਤਨੀ ਦੇ ਖਾਤੇ ’ਚ ਵੀ ਲੱਖਾਂ ਰੁਪਏ ਭੇਜੇ ਗਏ।

ਪਤਨੀ ਦਾ ਸਟੱਡੀ ਵੀਜ਼ਾ ਲੱਗਣ ਤੋਂ ਕਰੀਬ ਮਹੀਨੇ ਬਾਅਦ ਜਸਮੀਤ ਆਪਣੇ ਪਿੰਡ ਵਾਪਸ ਪਰਤ ਆਇਆ ਅਤੇ ਪੀ.ਏ.ਡੀ.ਬੀ. ਬੈਂਕ ਸੰਗਰੂਰ ਵਿਖੇ ਨੌਕਰੀ ਕਰਨ ਲੱਗ ਪਿਆ। ਉਸ ਦੀ ਪਤਨੀ ਵੱਲੋਂ ਕੁਝ ਸਮੇਂ ਪਹਿਲਾਂ ਜਸਮੀਤ ਨੂੰ ਵਿਦੇਸ਼ ਬੁਲਾਉਣ ਦੀ ਗੱਲ ਕਹੀ ਗਈ ਅਤੇ ਫਿਰ ਜਸਮੀਤ ਵੱਲੋਂ ਬੀਤੇ ਸਤੰਬਰ ਮਹੀਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਗਿਆ ਅਤੇ ਉਸ ਨੇ ਵਿਦੇਸ਼ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਪਰ ਕੁਝ ਦਿਨ ਪਹਿਲਾਂ ਉਸ ਦੀ ਪਤਨੀ ਵੱਲੋਂ ਤਲਾਕ ਦੇ ਕਾਗਜ਼ ਭੇਜਣ ਅਤੇ ਖਾਤੇ ’ਚੋਂ ਸਾਰੇ ਪੈਸੇ ਕਢਵਾਉਣ ਦਾ ਸੁਨੇਹਾ ਮਿਲਣ ਤੋਂ ਬਾਅਦ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਥਾਣਾ ਸਦਰ ਧੂਰੀ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਗਿੱਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।