ਕੁੜੀ ਦੀ ਨਸ਼ੇ ਦੀ ਹਾਲਤ ‘ਚ ਵੀਡੀਓ ਹੋਈ ਸੀ ਵਾਇਰਲ, AAP ਵਿਧਾਇਕਾ ਨੇ ਨਸ਼ਾ ਛੁਡਾਓ ਕੇਂਦਰ ‘ਚ ਕਰਵਾਇਆ ਦਾਖਲ

0
1511

ਅੰਮ੍ਰਿਤਸਰ। ਸ਼ਹਿਰ ਵਿੱਚ ਬੀਤੇ ਦਿਨ ਇੱਕ ਵੀਡਿਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਚੂੜੇ ਵਾਲੀ ਮਹਿਲਾ ਨਸ਼ੇ ਵਿਚ ਧੁੱਤ ਦਿਖਾਈ ਦੇ ਰਹੀ ਸੀ। ਉਸ ਮਹਿਲਾ ਨੂੰ ਅੰਮ੍ਰਿਤਸਰ ਈਸਟ ਦੀ ਵਿਧਾਇਕਾ ਜੀਵਨਜੋਤ ਕੌਰ ਨੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ ਵਿਚ ਦਾਖਿਲ ਕਰਵਾ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਮਹਿਲਾ ਅੰਮ੍ਰਿਤਸਰ ਮੱਥਾ ਟੇਕਣ ਲਈ ਗਈ ਸੀ, ਪਰ ਨਸ਼ੇ ਦੀ ਆਦਤ ਉਸਨੂੰ ਮਕਬੂਲਪੁਰਾ ਏਰੀਆ ਵਿੱਚ ਖਿੱਚ ਕੇ ਲੈ ਗਈ। ਉਸਦੇ ਨਸ਼ੇ ਵਾਲਾ ਟੀਕਾ ਲਗਾਉਣ ਤੋਂ ਬਾਅਦ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਫਿਲਹਾਲ ਮਹਿਲਾ ਨੂੰ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਉਸਦਾ ਪਰਿਵਾਰ ਉਸਨੂੰ ਵਾਪਸ ਲੈ ਕੇ ਜਾਣਾ ਚਾਹੁੰਦਾ ਹੈ। ਇਸੇ ਵਿਚਾਲੇ ਮਹਿਲਾ ਆਪਣੇ ਬਚਾਅ ਵਿੱਚ ਕਹਿ ਰਹੀ ਹੈ ਕਿ ਉਹ ਸਿਰਫ਼ ਐਕਟਿੰਗ ਕਰ ਰਹੀ ਸੀ। ਜਦੋਂ ਉਸਨੂੰ ਨਸ਼ੇ ਬਾਰੇ ਪੁੱਛਿਆ ਗਿਆ ਤਾਂ ਉਹ ਚੁੱਪ ਕਰ ਗਈ।

ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਹਿਲਾ ਲੰਬੇ ਸਮੇਂ ਤੋਂ ਨਸ਼ੇ ਦੀ ਆਦੀ ਹੈ। ਉਸਨੂੰ ਪਹਿਲਾਂ ਵੀ ਕਈ ਵਾਰ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਲ ਕਰਵਾਇਆ ਜਾ ਚੁੱਕਿਆ ਹੈ, ਪਰ ਉਹ ਬਾਹਰ ਆਉਂਦਿਆਂ ਹੀ ਫਿਰ ਨਸ਼ਾ ਕਰਨ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਉਹ ਅੰਮ੍ਰਿਤਸਰ ਮੱਥਾ ਟੇਕਣ ਆਏ ਸਨ, ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਮਕਬੂਲਪੁਰਾ ਕਿਵੇਂ ਪਹੁੰਚ ਗਈ।

ਉੱਥੇ ਹੀ ਦੂਜੇ ਪਾਸੇ ਵਿਧਾਇਕਾ ਜੀਵਨਜੋਤ ਨੇ ਲੋਕਾਂ ਨੂੰ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਨਾ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।