ਚੰਡੀਗੜ੍ਹ| ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਸ਼ਿਕਾਇਤਕਰਤਾ ਔਰਤ ਨਾਲ ਮੁਲਾਕਾਤ ਕੀਤੀ, ਜਿਸ ਨੇ ਪੰਜਾਬ ਦੇ ਏਆਈਜੀ ਆਸ਼ੀਸ਼ ਕਪੂਰ ‘ਤੇ ਪੁਲਿਸ ਹਿਰਾਸਤ ‘ਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਦੱਸਿਆ ਕਿ ਆਸ਼ੀਸ਼ ਕਪੂਰ ਨੇ ਪਹਿਲਾਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਵੀ ਦੋਵਾਂ ਵਿਚਾਲੇ ਰਿਸ਼ਤਾ ਰਿਹਾ ਪਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ।
ਉਸ ਨੇ ਦੱਸਿਆ ਕਿ ਏਆਈਜੀ ਕਪੂਰ ਨੇ ਵੀ ਆਪਣੇ ਘਰ 10 ਕਰੋੜ ਰੁਪਏ ਰੱਖੇ ਹੋਏ ਸਨ। ਪੀੜਤੀ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਪੁਰਾਣੀ ਟੀਮ ਤੋਂ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਪੀੜਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 5 ਸਾਲਾਂ ਵਿੱਚ ਸਿਰਫ਼ ਇੱਕ ਕੇਸ ਦਰਜ ਕੀਤਾ ਹੈ ਪਰ ਇਸ ਮਾਮਲੇ ਵਿੱਚ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ। ਇਨਸਾਫ਼ ਨਾ ਮਿਲਣ ‘ਤੇ ਉਸ ਨੇ ਪੰਜਾਬ ਦੇ ਰਾਜਪਾਲ ਨੂੰ ਈ-ਮੇਲ ਕਰ ਕੇ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ।
ਹਾਲ ਹੀ ‘ਚ ਪੰਜਾਬ ਦੇ ਰਾਜਪਾਲ ਨੇ ਪੀੜਤਾ ਦੀ ਸ਼ਿਕਾਇਤ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਨੇ ਇਸ ਮਾਮਲੇ ‘ਚ ਵੀਡੀਓ ਕਲਿੱਪ ਦੇ ਹਵਾਲੇ ਨਾਲ ਸ਼ਿਕਾਇਤ ‘ਤੇ ਕੋਈ ਸਖ਼ਤ ਕਾਰਵਾਈ ਨਾ ਕੀਤੇ ਜਾਣ ਤੋਂ ਖੁਦ ਨੂੰ ਨਿਰਾਸ਼ ਦੱਸਿਆ, ਨਾਲ ਹੀ ਸੀਐਮ ਮਾਨ ਨੂੰ ਮਾਮਲੇ ਦੇ ਤੱਥਾਂ ਦੀ ਘੋਖ ਕਰਨ ਲਈ ਕਿਹਾ ਸੀ ਪਰ ਸੀਐਮ ਮਾਨ ਨੇ ਰਾਜਪਾਲ ਦੇ ਇਸ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ।
ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਅੱਜ ਰਾਜਪਾਲ ਨੇ ਖੁਦ ਪੀੜਤਾ ਦੀ ਸੁਣਵਾਈ ਕੀਤੀ। ਇਸ ਕੇਸ ਨਾਲ ਸਬੰਧਤ ਪੱਤਰ ਰਾਜਪਾਲ ਵੱਲੋਂ ਪੰਜਾਬ ਕੇਡਰ ਦੇ ਆਈਪੀਐਸ ਕੁਲਦੀਪ ਚਾਹਲ ਅਤੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਦੇ ਸਬੰਧ ਵਿੱਚ ਭੇਜੇ ਪੱਤਰ ਦੇ ਨਾਲ ਸੀਐਮ ਮਾਨ ਨੂੰ ਭੇਜਿਆ ਗਿਆ ਸੀ।
ਏਆਈਜੀ ਕਪੂਰ ਨਿਆਂਇਕ ਹਿਰਾਸਤ ‘ਚ
ਗੌਰਤਲਬ ਹੈ ਕਿ ਮੁਲਜ਼ਮ ਏਆਈਜੀ ਆਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਉਹ ਜੇਲ ਵਿੱਚ ਬੰਦ ਹੈ। ਆਸ਼ੀਸ਼ ਕਪੂਰ ਪੰਜਾਬ ਵਿਜੀਲੈਂਸ ਵਿੱਚ ਐਸਪੀ ਵਜੋਂ ਕੰਮ ਕਰਦੇ ਹੋਏ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਸਿੰਚਾਈ ਘੁਟਾਲੇ ਦੇ ਜਾਂਚ ਅਧਿਕਾਰੀ ਵੀ ਰਹਿ ਚੁੱਕੇ ਹਨ।