ਟਰੈਵਲ ਏਜੰਟ ਨੇ ਵਰਕ ਪਰਮਿਟ ਦੀ ਥਾਂ ਲਗਾਇਆ ਟੂਰਿਸਟ ਵੀਜ਼ਾ, ਦੁਖੀ ਹੋ ਕੇ ਨੌਜਵਾਨ ਨੇ ਦਿੱਤੀ ਜਾਨ

0
1566

ਲਹਿਰਾਗਾਗਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਪਿੰਡ ਖੋਖਰ ਕਲਾਂ ਦੇ ਨੌਜਵਾਨ ਨੇ ਜਾਨ ਦੇ ਦਿੱਤੀ। ਨੌਜਵਾਨ ਲਖਵਿੰਦਰ ਸਿੰਘ ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਗੈਸਟ ਹਾਊਸ ‘ਚ ਜ਼ਹਿਰੀਲੀ ਚੀਜ਼ ਖਾ ਲਈ।

ਮ੍ਰਿਤਕ ਦੇ ਪਿਤਾ ਧਰਮ ਸਿੰਘ ਨੇ ਅੰਮ੍ਰਿਤਸਰ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਬਿੱਟੂ ਸਿੰਘ ਪਿੰਡ ਖੰਡੇਬਾਦ ਅਤੇ ਦੀਪ ਕੌਰ ਪਿੰਡ ਗਾਗਾ (ਦੋਵੇਂ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ) ਨੇ ਉਸ ਦੇ ਪੁੱਤਰ ਲਖਵਿੰਦਰ ਸਿੰਘ ਨੂੰ ਝਾਂਸੇ ਵਿਚ ਲੈ ਕੇ ਕਿਹਾ ਕਿ ਉਹ ਉਸ ਨੂੰ ਮਲੇਸ਼ੀਆ ਲਈ 3 ਸਾਲ ਦਾ ਵਰਕ ਪਰਮਿਟ ਲੈ ਕੇ ਦੇ ਰਹੇ ਹਨ ਤੇ ਮਲੇਸ਼ੀਆ ਵਿਚ ਉਸ ਨੂੰ ਕੰਮ ਦਿਵਾ ਦੇਣਗੇ। ਉਨ੍ਹਾਂ ਪੁੱਤਰ ਨੂੰ ਵਿਦੇਸ਼ ਭੇਜਣ ਲਈ ਆਪਣੀਆਂ ਮੱਝਾਂ ਵੇਚ ਕੇ ਤੇ ਰਿਸ਼ਤੇਦਾਰਾਂ ਤੋਂ 9 ਲੱਖ ਰੁਪਏ ਇਕੱਠੇ ਕਰਕੇ ਬਿੱਟੂ ਸਿੰਘ ਨੂੰ ਦੇ ਦਿੱਤੇ। 16 ਅਗਸਤ ਨੂੰ ਬਿੱਟੂ ਸਿੰਘ ਉਸ ਦੇ ਪੁੱਤਰ ਲਖਵਿੰਦਰ ਸਿੰਘ ਨੂੰ ਆਪਣੇ ਨਾਲ ਲੈ ਗਿਆ ਤੇ 20 ਅਗਸਤ ਨੂੰ ਉਸ ਦਾ ਪੁੱਤਰ ਮਲੇਸ਼ੀਆ ਪਹੁੰਚ ਗਿਆ।

ਉਨ੍ਹਾਂ ਦੱਸਿਆ ਕਿ ਮਲੇਸ਼ੀਆ ਪਹੁੰਚ ਕੇ ਉਸ ਦੇ ਪੁੱਤਰ ਨੂੰ ਪਤਾ ਲੱਗਾ ਕਿ ਉਸ ਨੂੰ ਵਰਕ ਪਰਮਿਟ ਨਹੀਂ ਬਲਕਿ ਟੂਰਿਸਟ ਵੀਜ਼ਾ ਦਿੱਤਾ ਗਿਆ ਹੈ ਤੇ ਕਿਹਾ ਕਿ ਬਿੱਟੂ ਸਿੰਘ ਅਤੇ ਦੀਪ ਕੌਰ ਨੇ ਉਨ੍ਹਾਂ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਦੇ ਪੁੱਤਰ ਨੇ ਬਿੱਟੂ ਸਿੰਘ ਨੂੰ ਵੀ ਫੋਨ ਕਰਕੇ ਕਿਹਾ ਕਿ ਉਸ ਨੇ ਉਸ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਉਨ੍ਹਾਂ ਕਿਹਾ ਕਿ ਬਿੱਟੂ ਸਿੰਘ ਤੇ ਦੀਪ ਕੌਰ ਨੇ ਉਨ੍ਹਾਂ ਨਾਲ 9 ਲੱਖ ਰੁਪਏ ਦੀ ਠੱਗੀ ਮਾਰ ਕੇ ਉਸ ਦੇ ਪੁੱਤਰ ਨੂੰ ਮਰਨ ਲਈ ਮਜਬੂਰ ਕੀਤਾ। ਉਨ੍ਹਾਂ ਉਪਰੋਕਤ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਓਧਰ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।