ਸੂਬਾ ਸਰਕਾਰ ਲੋਕਪੱਖੀ ਫੈਸਲਿਆਂ ਨਾਲ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਸਮਰਪਿਤ

0
379


ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਹਿਲੇ ਦਿਨ ਤੋਂ ਹੀ ਲੋਕਪੱਖੀ ਫ਼ੈਸਲਿਆਂ ਨਾਲ ਆਮ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਇਸੇ ਕੋਸ਼ਿਸ਼ ਤਹਿਤ ਸੂਬੇ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਸੈਕਟਰ-34 ਵਿਖੇ ਪਨਸਪ ਅਦਾਰੇ ਦੇ ਕੰਮਕਾਜ ਦੀ ਸਮੀਖਿਆ ਲਈ ਇਕ ਮੀਟਿੰਗ ਕੀਤੀ ਗਈ।

ਮੁੱਖ ਦਫ਼ਤਰ ਦੇ ਜਨਰਲ ਮੈਨੇਜਰਾਂ ਅਤੇ ਵੱਖ-ਵੱਖ ਜ਼ਿਲਿਆਂ ਵਿੱਚ ਤਾਇਨਾਤ ਜ਼ਿਲਾ ਮੈਨੇਜਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਟਾਰੂਚੱਕ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਵਿਭਾਗ ਵੱਲੋਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਯਕੀਨੀ ਬਣਾਉਂਦੇ ਹੋਏ ਇਸ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦਾ ਹਾਣੀ ਬਣਦੇ ਹੋਏ ਵਿਭਾਗੀ ਕੰਮਕਾਜ ਵਿਚ ਪ੍ਰੰਪਰਾਗਤ ਢੰਗ-ਤਰੀਕਿਆਂ ਦੀ ਥਾਂ ਨਵੀਨਤਮ ਕਾਰਜ ਵਿਧੀ ਅਪਣਾਈ ਜਾਵੇ।

ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਮੁਕਾਬਲੇਬਾਜ਼ੀ ਦਾ ਸਮਾਂ ਹੈ ਇਸ ਲਈ ਆਪਣੀ ਕਾਰਗੁਜ਼ਾਰੀ ਨੂੰ ਹੋਰ ਨਿਖ਼ਾਰਨ ਲਈ ਵਿਭਾਗ ਨੂੰ ਨਿਵੇਕਲੀਆਂ ਤਕਨੀਕਾਂ ਅਪਣਾਉਣ ਉੱਤੇ ਧਿਆਨ ਦੇਣਾ ਚਾਹੀਦਾ ਹੈ। ਸੂਬੇ ਨੂੰ ਆਰਥਿਕ ਪੱਖ ਤੋਂ ਹੁਲਾਰਾ ਦੇਣ ਨੂੰ ਸਰਕਾਰ ਦੀ ਤਰਜੀਹ ਦੱਸਦੇ ਹੋਏ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ, ਬਿਜਲੀ, ਸਿਹਤ ਅਤੇ ਸਿੱਖਿਆ ਆਦਿ ਪ੍ਰਮੁੱਖ ਖੇਤਰਾਂ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਪਨਸਪ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਅਦਾਰੇ ਵੱਲੋਂ ਆਪਣੀ ਆਮਦਨ ਵਧਾਉਣ ਲਈ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਜਲੰਧਰ ਅਤੇ ਖਰੜ (ਮੋਹਾਲੀ) ਵਿਖੇ ਐਲ.ਪੀ.ਜੀ. ਗੈਸ ਏਜੰਸੀਆਂ ਚਲਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਅਦਾਲਤਾਂ ਵਿਚ ਅਦਾਰੇ ਦੇ ਲੰਬਿਤ ਮਾਮਲਿਆਂ ਵਿਚ ਕਮੀ ਲਿਆਉਣ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਮੰਤਰੀ ਨੇ ਅਧਿਕਾਰੀਆਂ ਨੂੰ ਅਦਾਰੇ ਵਿਚ ਕੰਮ ਕਰਦੇ ਇੰਸਪੈਕਟਰਾਂ ਦੀ ਮੀਟਿੰਗ ਜਲਦ ਬੁਲਾਉਣ ਦੀ ਹਦਾਇਤ ਕਰਦੇ ਹੋਏ ਇਹ ਵੀ ਕਿਹਾ ਕਿ ਗੁਦਾਮਾਂ ਵਿਚ ਪਏ ਅਨਾਜ ਦੀ ਸਾਂਭ-ਸੰਭਾਲ ਕਰਨ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਅਨਾਜ ਕਿਸਾਨਾਂ ਵਲੋਂ ਖ਼ੂਨ-ਪਸੀਨਾ ਇਕ ਕਰਕੇ ਪੈਦਾ ਕੀਤਾ ਗਿਆ ਹੈ।

ਇਸ ਦੌਰਾਨ ਪਨਸਪ ਦੀ ਐਮ.ਡੀ. ਅੰਮ੍ਰਿਤ ਕੌਰ ਗਿੱਲ ਵੱਲੋਂ ਕਟਾਰੂਚੱਕ ਦਾ ਇਸ ਗੱਲ ਲਈ ਧੰਨਵਾਦ ਕੀਤਾ ਗਿਆ ਕਿ ਪਨਸਪ ਵੱਲੋਂ ਆਟਾ-ਦਾਲ ਸਕੀਮ ਦੇ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਯੂਨੀਅਨ ਬੈਂਕ ਆਫ਼ ਇੰਡੀਆ ਦੇ 350 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਕਰਕੇ ਸਰਕਾਰ ਵੱਲੋਂ ਅਦਾਰੇ ਨੂੰ ਵਿੱਤੀ ਰਾਹਤ ਦਿੱਤੀ ਗਈ। ਇਸ ਮੌਕੇ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵੀ ਮੌਜੂਦ ਸਨ।