ਲੁਧਿਆਣਾ/ਜਗਰਾਓਂ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮੰਗਲਵਾਰ ਦੇਰ ਰਾਤ ਕਰੀਬ 11.00 ਵਜੇ ਸਥਾਨਕ ਰਾਏਕੋਟ ਰੋਡ ‘ਤੇ ਸਾਇੰਸ ਕਾਲਜ ਤੋਂ ਥੋੜ੍ਹਾ ਅੱਗੇ ਜਾ ਕੇ ਇਕ ਸਵਿਫਟ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ‘ਚ 2 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਦੀ ਪੁਲਿਸ ਪਾਰਟੀ ਵੱਲੋਂ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਜਗਰਾਓਂ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਹਾਦਸੇ ਵਿਚ ਮਰਨ ਵਾਲਾ ਜਗਰਾਜ ਸਿੰਘ 19 ਸਾਲ ਦਾ ਸੀ, ਜੋ 10ਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ 4 ਭੈਣਾਂ ਦਾ ਇਕਲੌਤਾ ਭਰਾ ਸੀ। ਜਦੋਂਕਿ ਗੁਰਜੀਤ ਸਿੰਘ ਦੀ ਉਮਰ ਸਿਰਫ 20 ਸਾਲ ਸੀ ਅਤੇ ਵਿਆਹਿਆ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ। ਦੋਵਾਂ ਦੀ ਮੌਤ ਕਾਰਨ ਨੌਸ਼ਹਿਰਾ ਪੰਨੂੰਆਂ ਵਿੱਚ ਸੋਗ ਦੀ ਲਹਿਰ ਹੈ।
ਰਾਏਕੋਟ ਦੀ ਭਾਰਤ ਫਾਈਨਾਂਸ ਕੰਪਨੀ ਵਿਚ ਬੁੱਧਵਾਰ ਨੂੰ ਗੁਰਜੀਤ ਸਿੰਘ ਨੇ ਨੌਕਰੀ ਜੁਆਇਨ ਕਰਨੀ ਸੀ, ਜਿਸ ਲਈ ਉਹ ਆਪਣੇ ਦੋਸਤ ਜਗਰਾਜ ਸਿੰਘ ਨਾਲ ਮੰਗਲਵਾਰ ਨੂੰ ਹੀ ਇਕ ਸਵਿਫਟ ਡਿਜ਼ਾਇਰ ਗੱਡੀ ਵਿਚ ਨੌਸ਼ਹਿਰਾ ਪੰਨੂਆਂ ਤੋਂ ਰਵਾਨਾ ਹੋਇਆ ਤਾਂ ਜੋ ਉਹ ਸਵੇਰੇ ਆਪਣੀ ਨੌਕਰੀ ਜੁਆਇਨ ਕਰ ਸਕੇ।
ਤਫ਼ਤੀਸ਼ੀ ਅਫ਼ਸਰ ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ (20 ਸਾਲ) ਪੁੱਤਰ ਦਲਜੀਤ ਸਿੰਘ ਆਪਣੇ ਦੋਸਤ ਜਗਰਾਜ ਸਿੰਘ ਉਰਫ਼ ਜਸਵੰਤ ਸਿੰਘ (19 ਸਾਲ) ਵਾਸੀ ਨੌਸ਼ਹਿਰਾ ਪੰਨੂਆਂ ਥਾਣਾ ਸਾਹਰਾਲੀ ਜ਼ਿਲ੍ਹਾ ਤਰਨਤਾਰਨ ਇਕ ਸਵਿਫ਼ਟ ਕਾਰ ‘ਚ ਤਰਨਤਾਰਨ ਤੋਂ ਰਾਏਕੋਟ ਨੂੰ ਜਾ ਰਹੇ ਸਨ। ਦੇਰ ਰਾਤ ਕਰੀਬ 11.00 ਵਜੇ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧੀ ਦੋਵਾਂ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।