ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ- ਪੰਜਾਬ ‘ਚ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ ਰਾਮ ਰਹੀਮ ਦਾ ਕੋਈ ਨਵਾਂ ਡੇਰਾ

0
278

ਚੰਡੀਗੜ੍ਹ। ਬਲਾਤਕਾਰ ਦੇ ਕੇਸ ਵਿਚ ਸਜ਼ਾ ਕੱਟ ਰਿਹਾ ਤੇ ਹਮੇਸ਼ਾ ਵਿਵਾਦਾਂ ਵਿਚ ਘਿਰਿਆ ਰਹਿਣ ਵਾਲਾ ਬਾਬਾ ਰਾਮ ਰਹੀਮ ਪੈਰੋਲ ਉਤੇ ਆਇਆ ਤੇ ਦੀਵਾਲੀ ਮੌਕੇ ‘ਸਾਡੀ ਨਿਤ ਦਿਵਾਲੀ’ ਗੀਤ ਵੀ ਰਿਲੀਜ਼ ਕਰ ਗਿਆ ਤੇ ਉਸਨੇ ਸ਼ਰੇਆਮ ਸਟੇਜ ਤੋਂ ਇਹ ਐਲਾਨ ਵੀ ਕਰ ਦਿੱਤਾ ਕਿ ਸੁਨਾਮ ਵਿਚ ਇਕ ਵੱਡਾ ਡੇਰਾ ਖੋਲ੍ਹਿਆ ਜਾਵੇਗਾ। ਜਿਸ ਨੂੰ ਲੈ ਕੇ ਹੁਣ ਸਰਕਾਰ ਵੀ ਹਰਕਤ ਵਿਚ ਆ ਗਈ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਇਹ ਬਿਆਨ ਦਿੱਤਾ ਹੈ ਕਿ ਸੁਨਾਮ ਵਿਚ ਰਾਮ ਰਹੀਮ ਦਾ ਕੋਈ ਵੀ ਨਵਾਂ ਡੇਰਾ ਨਹੀਂ ਖੁੱਲਣ ਦਿੱਤਾ ਜਾਵੇਗਾ, ਇਸ ਲਈ ਜੋ ਕੁਝ ਵੀ ਕਰਨਾ ਪਿਆ, ਅਸੀਂ ਕਰਾਂਗੇ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਰਾਮ ਰਹੀਮ ਕੋਈ ਬਾਬਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਕਿਸੇ ਵੀ ਕੀਮਤ ਉਤੇ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੈਰੋਲ ਉਤੇ ਆਏ ਰਾਮ ਰਹੀਮ ਵਲੋਂ ਆਨਲਾਈਨ ਪ੍ਰਚਾਰ ਕੀਤਾ ਜਾਂਦਾ ਹੈ, ਜਿਸ ਨਾਲ ਲੱਖਾਂ ਲੋਕਾਂ ਤੱਕ ਪਹੁੰਚ ਕੀਤੀ ਜਾਂਦੀ ਹੈ। ਰਾਮ ਰਹੀਮ ਦੇ ਇਨ੍ਹਾਂ ਪ੍ਰੋਗਰਾਮਾਂ ਵਿਚ ਭਾਜਪਾ ਦੇ ਕਈ ਲੀਡਰ ਵੀ ਆਪਣੀ ਹਾਜ਼ਰੀ ਲਗਾਉਂਦੇ ਨਜ਼ਰ ਆਉਂਂਦੇ ਹਨ।
ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੇ ਇਕ ਵਿਵਾਦਿਤ ਬਿਆਨ ਦਿੱਤਾ ਸੀ ਕਿ ਉਹ ਗੁਰੂ ਸੀ, ਹੈ ਤੇ ਰਹੇਗਾ ਤੇ ਹੁਣ ਰਾਮ ਰਹੀਮ ਨੇ ਇਹ ਬਿਆਨ ਦੇ ਦਿੱਤਾ ਹੈ ਕਿ ਪੰਜਾਬ ਦੇ ਸੁਨਾਮ ਵਿਚ ਨਵਾਂ ਡੇਰਾ ਖੋਲ੍ਹਿਆ ਜਾਵੇਗਾ। ਇਸ ਸਭ ਦੇ ਮੱਦੇਨਜ਼ਰ ਹੁਣ ਸਰਕਾਰ ਵੀ ਹਰਕਤ ਵਿਚ ਆ ਗਈ ਹੈ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਆਮ ਲੋਕਾਂ ਨੇ ਵੀ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਵਿਚ ਕਿਸੇ ਕੀਮਤ ਉਤੇ ਵੀ ਡੇਰਾ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ।