ਜ਼ਮੀਨ ਨਾਮ ਨਾ ਕਰਨ ‘ਤੇ ਪੁੱਤ ਨੇ ਕੁੱਟ-ਕੁੱਟ ਕੇ ਕੀਤੀ ਪਿਤਾ ਦੀ ਹੱਤਿਆ, ਸ਼ਮਸ਼ਾਨਘਾਟ ਪਹੁੰਚ ਕੇ ਪੁਲਿਸ ਨੇ ਬਲ਼ਦੀ ਚਿਤਾ ‘ਚੋਂ ਕੱਢੀ ਲਾਸ਼

0
2683

ਫਤਿਹਗੜ੍ਹ ਸਾਹਿਬ। ਚੁੰਨੀ ਕਲਾਂ ਥਾਣੇ ਅਧੀਨ ਆਉਂਦੇ ਤਾਜਪੁਰਾ ਪਿੰਡ ਵਿਚ ਜ਼ਮੀਨ ਨਾਮ ਨਾ ਕਰਨ ਉਤੇ ਇਕ ਪੁੱਤਰ ਨੇ ਆਪਣੇ 70 ਸਾਲਾ ਬਜ਼ੁਰਗ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਪੁਲਿਸ ਕਾਰਵਾਈ ਤੋਂ ਬਚਣ ਲਈ ਪਿੰਡ ਵਿਚ ਸ਼ਮਸ਼ਾਨਘਾਟ ਵਿਚ ਪਾਥੀਆਂ ਨਾਲ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ਉੇਤੇ ਪਹੁੰਚੀ ਪੁਲਿਸ ਪਾਰਟੀ ਨੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਤਾਜਪੁਰਾ ਪਿੰਡ ਦੇ ਸਾਬਕਾ ਸਰਪੰਚ ਗੁਰਦਾਸ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਵਿਚ ਉਸਦੇ ਵੱਡੇ ਭਰਾ ਅਮਰ ਸਿੰਘ ਆਪਣੇ ਪਰਿਵਾਰ ਸਣੇ ਰਹਿੰਦੇ ਸਨ। ਉਨ੍ਹਾਂ ਦਾ ਪੁੱਤਰ ਧਰਮਿੰਦਰ ਸਿੰਘ ਪਿਤਾ ਉਤੇ ਜ਼ਮੀਨ ਆਪਣੇ ਨਾਮ ਕਰਵਾਉਣ ਲਈ ਦਬਾਅ ਪਾਉਂਦਾ ਸੀ ਪਰ ਅਮਰ ਸਿੰਘ ਤਿਆਰ ਨਹੀਂ ਸਨ। ਇਸ ਲਈ ਉਹ ਅਕਸਰ ਉਸ ਨਾਲ ਕੁੱਟਮਾਰ ਕਰਦਾ ਸੀ। ਗੁਰਦਾਸ ਨੇ ਦੱਸਿਆ ਕਿ 21 ਨਵੰਬਰ ਦੀ ਸ਼ਾਮ ਜਦੋਂ ਉਹ ਦੁੱਧ ਲੈਣ ਗਿਆ ਤਾਂ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਉਸਦੇ ਭਤੀਜੇ ਧਰਮਿੰਦਰ ਨੇ ਆਪਣੇ ਪਿਤਾ ਅਮਰ ਸਿੰਘ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਪੁਲਿਸ ਕਾਰਵਾਈ ਤੋਂ ਬਚਣ ਲਈ ਉਹ ਪਿੰਡ ਦੇ ਸ਼ਮਸ਼ਾਨਘਾਟ ਵਿਚ ਪਿਤਾ ਦਾ ਸੰਸਕਾਰ ਕਰ ਰਿਹਾ ਸੀ। ਗੁਰਦਾਸ ਨੇ ਦੱਸਿਆ ਕਿ ਜਦੋਂ ਉਹ ਸ਼ਮਸ਼ਾਨਘਾਟ ਪਹੁੰਚੇ ਤਾਂ ਅਮਰ ਸਿੰਘ ਦੀ ਚਿਤਾ ਬਲ਼ ਰਹੀ ਸੀ। ਇਸਦੇ ਬਾਅਦ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤੇ ਚੁੰਨੀ ਕਲਾਂ ਪੁਲਿਸ ਨੂੰ ਫੋਨ ਉਤੇ ਸੂਚਿਤ ਕੀਤਾ।
ਡੀਐਸਪੀ ਬੱਸੀ ਪਠਾਣਾਂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਤਾਜਪੁਰ ਤੋਂ ਚੁੰਨੀ ਚੌਕੀ ਨੂੰ ਸੂਚਨਾ ਮਿਲੀ ਤਾਂ ਉਹ ਪੁਲਿਸ ਪਾਰਟੀ ਨਾਲ ਤੁਰੰਤ ਮੌਕੇ ਉਤੇ ਪਹੁੰਚੇ ਤੇ ਚਿਤਾ ਦੀ ਅੱਗ ਨੂੰ ਬੁਝਾ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਡੀਐੱਸਪੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਉਚ ਅਧਿਕਾਰੀਆਂ ਨੂੰ ਦੇਣ ਦੇ ਬਾਅਦ ਫਿੰਗਰ ਪ੍ਰਿੰਟ ਐਕਸਪਰਟ ਤੇ ਫਾਰੈਂਸਿਕ ਟੀਮ ਨੇ ਮੌਕੇ ਉਤੇ ਪਹੁੰਚ ਕੇ ਸੈਂਪਲ ਲਏ। ਇਸਦੇ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸੰਸਕਾਰ ਲਈ ਭੇਜ ਦਿੱਤਾ ਗਿਆ।