ਵਿਆਹ ‘ਚ ਖੁੱਲ੍ਹਾ ਲਾੜੇ ਦੇ ਪ੍ਰੇਮ ਸੰਬੰਧਾਂ ਦਾ ਰਾਜ਼, ਪੜ੍ਹੋ ਫਿਰ ਲਾੜੇ ਤੇ ਬਰਾਤੀਆਂ ਨਾਲ ਕੀ-ਕੀ ਹੋਇਆ

0
2403

ਮਾਹਿਲਪੁਰ/ਹੁਸ਼ਿਆਰਪੁਰ (ਅਮਰੀਕ ਕੁਮਾਰ) | ਪਹਾੜੀ ਖਿੱਤੇ ਦੇ ਪਿੰਡ ਸਾਰੰਗਵਾਲ ਵਿਖੇ ਅੱਜ ਸਵੇਰੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਵਿਆਹ ਕਰਵਾਉਣ ਆਏ ਲਾੜੇ ਦੇ ਇਕ ਵਿਆਹੁਤਾ ਨਾਲ ਪ੍ਰੇਮ ਸੰਬੰਧਾਂ ਦਾ ਭੇਤ ਲਾੜੇ ਦੀ ਪ੍ਰੇਮਿਕਾ ਦੇ ਪਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਹੀ ਆ ਕੇ ਖੋਲ੍ਹ ਦਿੱਤਾ।

5 ਘੰਟੇ ਚੱਲੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਜਦੋਂ ਪ੍ਰੇਮਿਕਾ ਦੇ ਪਤੀ ਨੇ ਪ੍ਰੇਮ ਸੰਬੰਧਾਂ ਦੇ ਸਬੂਤ ਤੇ ਥਾਣਿਆਂ ‘ਚ ਹੋਏ ਰਾਜ਼ੀਨਾਮੇ ਲੜਕੀ ਪੱਖ ਵਾਲਿਆਂ ਤੇ ਪਿੰਡ ਦੀ ਪੰਚਾਇਤ ਸਾਹਮਣੇ ਰੱਖੇ ਤਾਂ ਪਿੰਡ ਵਾਲਿਆਂ ਨੇ ਲਾੜੇ ਤੇ ਉਸ ਦੇ ਪਰਿਵਾਰ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਅਖੀਰ 5 ਘੰਟੇ ਬਾਅਦ ਲਾੜੇ ਨੇ ਆਪਣੀ ਗਲਤੀ ਮੰਨਦੇ ਹੋਏ ਲਿਖ਼ਤੀ ਮੁਆਫ਼ੀਨਾਮਾ ਲਿਖ ਕੇ ਆਪਣੀ ਜਾਨ ਛੁਡਾਈ।

ਜਾਣਕਾਰੀ ਅਨੁਸਾਰ ਪਿੰਡ ਸਾਰੰਗਵਾਲ ‘ਚ ਚੱਲ ਰਹੇ ਇਕ ਵਿਆਹ ਸਮਾਗਮ ਵਿੱਚ ਜੈਮਾਲਾ ਤੇ ਮਿਲਣੀਆਂ ਤੋਂ ਬਾਅਦ ਅਚਾਨਕ ਪਹੁੰਚੇ ਕੁਝ ਵਿਅਕਤੀਆਂ ਨੇ ਜਦੋਂ ਲਾੜੇ ਦੀਆਂ ਕਰਤੂਤਾਂ ਦਾ ਪਰਦਾਫ਼ਾਸ਼ ਕੀਤਾ ਤਾਂ ਪਹਿਲਾਂ ਪਿੰਡ ਵਾਲੇ ਕਰਤੂਤਾਂ ਦੱਸਣ ਵਾਲਿਆਂ ਦੇ ਹੀ ਪਿੱਛੇ ਪੈ ਗਏ ਪਰ ਜਦੋਂ ਪੀੜਤ ਰਵੀ ਕੁਮਾਰ ਵਾਸੀ ਸਿੰਗੜੀਵਾਲਾ, ਉਸ ਦੀਆਂ ਭਾਬੀਆਂ ਕਮਲਜੀਤ ਕੌਰ, ਮਮਤਾ ਰਾਣੀ ਤੇ ਨਾਲ ਆਏ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਵੀ ਕੁਮਾਰ ਦਾ ਵਿਆਹ ਅਮਰਜੀਤ ਕੌਰ ਵਾਸੀ ਨਾਰੂ ਨੰਗਲ ਕਿਲਾ ਨਾਲ 2007 ਵਿੱਚ ਹੋਇਆ ਸੀ ਤੇ ਉਸ ਦੇ 2 ਬੱਚੇ ਹਨ।

ਰਵੀ ਕੁਮਾਰ ਨੇ ਦੱਸਿਆ ਕਿ ਉਹ ਦੁਬਈ ਰਹਿੰਦਾ ਹੈ ਤੇ 3 ਸਾਲ ਪਹਿਲਾਂ ਉਸ ਦੀ ਮਾਤਾ ਜਦੋਂ ਬਿਮਾਰ ਹੋਈ ਤਾਂ ਉਹ ਪੰਜਾਬ ਆਇਆ, ਜਦੋਂ ਉਹ ਵਾਪਸ ਦੁਬਈ ਗਿਆ ਤਾਂ ਉਸ ਦੇ ਫ਼ੋਨ ਵਿੱਚ ਉਸ ਦੀ ਪਤਨੀ ਤੇ ਪ੍ਰੇਮੀ ਲਵਪ੍ਰੀਤ ਕੁਮਾਰ ਵਾਸੀ ਪਧਿਆਣਾ ਦੀਆਂ ਗੱਲਾਂ ਅਤੇ ਕਾਲ ਰਿਕਾਰਡਿੰਗ ਸੁਣ ਲਈ, ਜਿਸ ਤੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਲਵਪ੍ਰੀਤ ਨਾਲ ਨਾਜਾਇਜ਼ ਸੰਬੰਧ ਹਨ।

ਉਸ ਨੇ ਦੱਸਿਆ ਕਿ ਉਹ ਮੁੜ ਪੰਜਾਬ ਆਇਆ ਤਾਂ ਉਸ ਦੀ ਪਤਨੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਉਸ ਨਾਲ ਸਹੁੰ ਖਾ ਕੇ ਲਵਪ੍ਰੀਤ ਨਾਲ ਆਪਣੇ ਸੰਬੰਧ ਤੋੜਨ ਦਾ ਵਾਅਦਾ ਕੀਤਾ। ਉਸ ਤੋਂ ਬਾਅਦ ਅਮਰਜੀਤ ਕੌਰ ਨੇ ਫਿਰ ਆਪਣੀ ਪ੍ਰੇਮ ਕਹਾਣੀ ਸ਼ੁਰੂ ਕਰ ਲਈ ਤੇ ਉਸ ਵਿਰੁੱਧ ਮਹਿਲਾ ਥਾਣਾ ਹੁਸ਼ਿਆਰਪੁਰ, ਮਾਡਲ ਟਾਊਨ, ਐੱਨਆਰਆਈ ਥਾਣੇ ‘ਚ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਹਰ ਥਾਂ ਉਸ ਦਾ ਝੂਠ ਫੜਿਆ ਜਾਂਦਾ ਰਿਹਾ।

ਇਸ ਤੋਂ ਬਾਅਦ ਉਸ ਨੇ ਉਸ ਖਿਲਾਫ ਬਲਾਤਕਾਰ ਦੀ ਵੀ ਸ਼ਿਕਾਇਤ ਕੀਤੀ ਪਰ ਝੂਠੀ ਪਾਈ ਗਈ। 13 ਦਸੰਬਰ ਨੂੰ ਉਸ ਨੇ ਆਪਣੀ ਪਤਨੀ ਤੇ ਪ੍ਰੇਮੀ ਨੂੰ ਰੰਗੇ ਹੱਥੀਂ ਫੜ ਲਿਆ, ਜਿਸ ਦਾ ਫ਼ੈਸਲਾ ਮੇਹਟੀਆਣਾ ਥਾਣੇ ਹੋਇਆ, ਜਿਥੇ ਪ੍ਰੇਮੀ ਲਵਪ੍ਰੀਤ ਨੇ ਲਿਖ਼ਤੀ ਤੌਰ ‘ਤੇ ਮੰਨਿਆ ਕਿ ਉਸ ਦੇ ਪਿਛਲੇ 4 ਸਾਲਾਂ ਤੋਂ ਅਮਰਜੀਤ ਕੌਰ ਨਾਲ ਨਾਜਾਇਜ਼ ਸੰਬੰਧ ਹਨ।

ਉਸ ਨੇ ਦੱਸਿਆ ਕਿ ਅੱਜ ਆਰੋਪੀ ਲਾੜਾ ਵਿਆਹ ਕਰਵਾਉਣ ਆਇਆ ਤਾਂ ਕੁੜੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਉਣ ਲਈ ਉਹ ਇੱਥੇ ਆ ਗਿਆ। ਪਹਿਲਾਂ ਪਿੰਡ ਵਾਸੀਆਂ ਨੇ ਰਵੀ ਕੁਮਾਰ ਨੂੰ ਗਲਤ ਸਮਝ ਕੇ ਉਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਪਰ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਸਾਰੀ ਸੱਚਾਈ ਜਾਣਨ ਤੋਂ ਬਾਅਦ ਬਰਾਤ ਬੇਰੰਗ ਮੋੜਨ ਦਾ ਫ਼ੈਸਲਾ ਕਰਕੇ ਲੜਕੇ ਅੱਗੇ ਸਾਰੇ ਸਬੂਤ ਰੱਖ ਕੇ ਉਸ ਕੋਲੋਂ ਲਿਖਤੀ ਮੁਆਫ਼ੀ ਮੰਗਵਾ ਕੇ ਮਾਮਲਾ ਰਫਾ-ਦਫਾ ਕਰ ਦਿੱਤਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ