ਸਹੁਰਿਆਂ ਵਲੋਂ ਭੈਣ ਦੀ ਕੁੱਟਮਾਰ ਤੇ ਪ੍ਰੇਸ਼ਾਨ ਕਰਨ ਤੋਂ ਦੁੱਖੀ ਭਰਾ ਨੇ ਚੁੱਕਿਆ ਖੌਫਨਾਕ ਕਦਮ

0
1009

ਫਿਰੋਜ਼ਪੁਰ | ਸਹੁਰਿਆਂ ਵੱਲੋਂ ਭੈਣ ਨੂੰ ਕਥਿਤ ਤੌਰ ‘ਤੇ ਕੁੱਟਮਾਰ ਅਤੇ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਦੁਖੀ ਭਰਾ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ । ਇਸ ਸਬੰਧ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਘਬੀਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਦੋਧਰ ਥਾਣਾ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਸ ਦੇ ਤਾਏ ਦੀ ਲੜਕੀ ਮਨਦੀਪ ਕੌਰ ਪੁੱਤਰੀ ਬਲਵੀਰ ਸਿੰਘ ਜੋ ਗੁਰਮੀਤ ਸਿੰਘ ਨਾਲ ਵਿਆਹੀ ਹੋਈ ਹੈ, ਨੂੰ ਸਹੁਰਾ ਪਰਿਵਾਰ ਅਕਸਰ ਹੀ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ, ਜਿਸ ‘ਤੇ ਉਸ ਦਾ ਛੋਟਾ ਭਰਾ ਲਖਵੀਰ ਸਿੰਘ ਉਮਰ ਕਰੀਬ 18 ਸਾਲ ਆਪਣੇ ਤਾਏ ਦੀ ਲੜਕੀ ਨੂੰ ਉਸ ਦੇ ਸਹੁਰੇ ਘਰ ਤੋਂ ਲੈ ਕੇ ਆਪਣੀ ਰਿਸ਼ਤੇਦਾਰੀ ਵਿਚ ਪਿੰਡ ਹਾਮਦ ਵਾਲਾ ਉਤਾੜ ਲੈ ਆਇਆ। ਇਸ ‘ਤੇ ਦੋਸ਼ੀਅਨ ਹਮਮਸ਼ਵਰਾ ਹੋ ਕੇ ਪਿੰਡ ਹਾਮਦ ਵਾਲਾ ਉਤਾੜ ਪਹੁੰਚੇ ਤੇ ਉਸ ਦੇ ਭਰਾ ਤੇ ਤਾਏ ਦੇ ਲੜਕੇ ਨਾਲ ਗਾਲੀ ਗਲੋਚ ਕੀਤਾ ਤੇ ਉਨ੍ਹਾਂ ਦੀ ਖਿੱਚ ਧੂਹ ਕੀਤੀ।

ਰਘਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਉਸ ਦੇ ਤਾਏ ਦੀ ਲੜਕੀ ਨੂੰ ਆਪਣੇ ਨਾਲ ਲੈ ਗਏ ਤਾਂ ਉਸ ਦੇ ਭਰਾ ਲਖਵੀਰ ਸਿੰਘ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ,” ਤੁਸੀਂ ਮੇਰੀ ਭੈਣ ਨੂੰ ਬਹੁਤ ਕੁੱਟਦੇ ਮਾਰਦੇ ਅਤੇ ਤੰਗ ਪ੍ਰੇਸ਼ਾਨ ਕਰਦੇ ਹੋ, ਮੈਂ ਤੁਹਾਡੇ ਤੋਂ ਦੁਖੀ ਹਾਂ ਤੇ ਮੈਂ ਨਹਿਰ ਵਿਚ ਛਾਲ ਮਾਰ ਕੇ ਮਰ ਜਾਣਾ ਹੈ।’ ਇਸ ‘ਤੇ ਉਸ ਦੇ ਭਰਾ ਲਖਵੀਰ ਸਿੰਘ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜਿਸ ਦੀ ਲਾਸ਼ ਮਿਤੀ 23 ਦਸੰਬਰ 2022 ਨੂੰ ਨਹਿਰ ਪਿੰਡ ਝੋਕ ਹਰੀਹਰ ਥਾਣਾ ਕੁੱਲਗੜ੍ਹੀ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਿਲ ਗਈ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋਸ਼ੀ ਪਵਨਦੀਪ ਸਿੰਘ ਪੁੱਤਰ ਸੁੱਖਾ ਸਿੰਘ, ਗੁਰਮੀਤ ਸਿੰਘ, ਜੀਤਾ ਪੁੱਤਰਾਨ ਸੁਖਮੰਦਰ ਸਿੰਘ, ਰਣਜੀਤ ਸਿੰਘ ਪੁੱਤਰ ਸੁੱਖਾ ਸਿੰਘ, ਲਾਭ ਸਿੰਘ ਵਾਸੀਅਨ ਪੱਖੀ ਕਲਾਂ ਥਾਣਾ ਸਦਰ ਫਰੀਦਕੋਟ ਖਿਲਾਫ ਮਾਮਲਾ ਦਰਜ ਕਰ ਲਿਆ ਹੈ।