ਕਮਰੇ ‘ਚ ਬਾਲ਼ੀ ਸੀ ਅੰਗੀਠੀ, ਦਮ ਘੁੱਟਣ ਨਾਲ 3 ਬੱਚਿਆਂ ਦੀ ਮੌਤ, ਮਾਤਾ-ਪਿਤਾ ਦੀ ਹਾਲਤ ਗੰਭੀਰ

0
2111

ਅਬੋਹਰ/ਫਾਜ਼ਿਲਕਾ (ਗੁਰਨਾਮ ਸੰਧੂ)|  ਅਜੀਤ ਨਗਰ ਇਲਾਕੇ ਵਿੱਚ ਇਕ ਪੋਲਟਰੀ ਫਾਰਮ ‘ਚ ਰਹਿੰਦੇ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ 3 ਬੱਚਿਆਂ ਦੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਕਾਮਰਾ ਪੋਲਟਰੀ ਫਾਰਮ ਵਿੱਚ 3 ਪ੍ਰਵਾਸੀ ਮਜ਼ਦੂਰ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ‘ਚੋਂ ਕ੍ਰਿਸ਼ਨ ਕੁਮਾਰ ਤੇ ਰਾਧਾ ਰਾਣੀ ਬੀਤੀ ਰਾਤ ਆਪਣੇ ਬੱਚਿਆਂ ਪੂਜਾ (7), ਦੀਪ (5) ਤੇ ਪੂਨਮ (2) ਸਮੇਤ ਕਮਰੇ ਵਿੱਚ ਸੁੱਤੇ ਪਏ ਸਨ। ਉਨ੍ਹਾਂ ਅੰਗੀਠੀ ਵਿੱਚ ਅੱਗ ਬਾਲੀ ਹੋਈ ਸੀ।

ਸਵੇਰੇ ਜਦੋਂ ਪੂਰਾ ਪਰਿਵਾਰ ਨਾ ਉਠਿਆ ਤਾਂ ਗੁਆਂਢੀਆਂ ਨੇ ਇਨ੍ਹਾਂ ਦੇ ਕਮਰੇ ਦਾ ਗੇਟ ਖੜਕਾਇਆ ਤਾਂ ਅੰਦਰੋਂ ਕੋਈ ਨਾ ਉਠਿਆ। ਉਨ੍ਹਾਂ ਗੇਟ ਖੋਲ੍ਹ ਕੇ ਵੇਖਿਆ ਤਾਂ ਅੰਦਰ ਇਹ ਪੰਜੇ ਜਣੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ।

ਉਨ੍ਹਾਂ ਘਟਨਾ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸੰਸਥਾ ਨੂੰ ਦਿੱਤੀ। ਜਥੇਬੰਦੀ ਦੇ ਮੈਂਬਰ ਬਿੱਟੂ ਨਰੂਲਾ ਤੇ ਚਿਮਨ ਲਾਲ ਮੌਕੇ ’ਤੇ ਪੁੱਜੇ ਅਤੇ ਸਾਰਿਆਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਪੂਜਾ, ਦੀਪ ਤੇ ਪੂਨਮ ਦੀ ਮੌਤ ਹੋ ਚੁੱਕੀ ਸੀ ਤੇ ਕ੍ਰਿਸ਼ਨ ਕੁਮਾਰ ਤੇ ਉਸ ਦੀ ਪਤਨੀ ਰਾਧਾ ਰਾਣੀ ਦੀ ਹਾਲਤ ਗੰਭੀਰ ਬਣੀ ਹੋਈ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਸੂਚਨਾ ਮਿਲਣ ‘ਤੇ ਪੁਲਿਸ ਉਪ ਕਪਤਾਨ ਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਘਟਨਾ ‘ਤੇ ਦੁੱਖ ਵੀ ਪ੍ਰਗਟ ਕੀਤਾ।