ਚੰਡੀਗੜ੍ਹ . ਕੋਰੋਨਾ ਖਿਲਾਫ਼ ਮੂਹਰਲੀ ਕਤਾਰ ਦੀ ਜੰਗ ਨੂੰ ਹੋਰ ਤੇਜ਼ ਕਰਨ ਲਈ 50 ਤੋਂ ਵੱਧ ਬੈੱਡ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ ਵਰਤੋਂ ਵਿਚ ਲਿਆਂਦਾ ਗਿਆ ਹੈ। ਜਿਸ ਦੀ ਵਰਤੋਂ ਕੋਰੋਨਾ ਨੂੰ ਠੱਲ੍ਹ ਪਾਉਣ ਦੀ ਕੀਤੀ ਜਾਵੇਗੀ। ਇਹ ਕਦਮ 10 ਅਪ੍ਰੈਲ ਨੂੰ ਮੰਤਰੀ ਮੰਡਲ ਦੀ ਮੀਟਿੰਗ ਵੱਲੋਂ ਫੈਸਲੇ ਦੀ ਲੀਹ ’ਤੇ ਚੁੱਕਿਆ ਗਿਆ ਹੈ। ਕੈਪਟਨ ਸਰਕਾਰ ਨੇ ਮਹਾਮਾਰੀ ਵਿਰੁੱਧ ਲੜਾਈ ਦੇ ਦਾਇਰੇ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਲਿਆਉਣ ਲਈ ਇਕ ਆਰਡੀਨੈਂਸ ਨੋਟੀਫਾਈ ਵੀ ਜਾਰੀ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਆਰਡੀਨੈਂਸ ਪ੍ਰਾਈਵੇਟ ਹਸਪਤਾਲਾਂ ਨੂੰ ਰਜਿਸਟ੍ਰੇਸ਼ਨ ਤੇ ਰੈਗੂਲੇਸ਼ਨ ਲਈ ਪੇਸ਼ੇਵਾਰ ਢੰਗ ਨਾਲ ਢੁਕਵੀਂ ਵਿਧੀ ਮੁਹੱਈਆ ਕਰਵਾਏਗਾ ਤਾਂ ਕਿ ਸਹੂਲਤਾਂ ਅਤੇ ਸੇਵਾਵਾਂ ਦੇ ਘੱਟੋ-ਘੱਟ ਮਾਪਦੰਡਾਂ ਦੀ ਪਾਲਣਾ ਦੇ ਨਾਲ-ਨਾਲ ਆਮ ਵਿਅਕਤੀ ਨੂੰ ਸਹੀ ਤਰੀਕੇ ਨਾਲ ਸਿਹਤ ਸੇਵਾਵਾਂ ਦੇਣ ਲਈ ਇਨਾਂ ਹਸਪਤਾਲਾਂ ਦੇ ਕੰਮਕਾਜ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਭਵਿੱਖ ਵਿੱਚ ਅਜਿਹੀ ਹੋਰ ਇਲਾਜ ਪ੍ਰਣਾਲੀ ਦਾ ਗਠਨ ਹੋਣ ਦੀ ਸੂਰਤ ਵਿੱਚ ਉਸ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 100 ਬਿਸਤਰਿਆਂ ਜਾਂ ਇਸ ਤੋਂ ਵੱਧ ਸਮਰੱਥਾ ਵਾਲੇ ਇਲਾਜ ਸੰਸਥਾਨਾਂ ਦੀ ਰਜਿਸਟ੍ਰੇਸ਼ਨ ਲਈ ਰਾਜ ਪੱਧਰੀ ਇਕ ਰਜਿਸਟ੍ਰੇਸ਼ਨ ਅਥਾਰਟੀ ਵੀ ਗਠਿਤ ਕੀਤੀ ਗਈ ਹੈ। ਜਿਸ ਵਿੱਚ ਡਾਇਰੈਕਟਰ ਸਿਹਤ ਅਤੇ ਪਰਵਿਾਰ ਭਲਾਈ ਚੇਅਰਮੈਨ ਵਜੋਂ, ਉਨਾਂ ਦੇ ਨਾਲ ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਕਾਨੂੰਨ ਅਫਸਰ ਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੇ ਨੋਡਲ ਅਫਸਰ ਨੂੰ ਮੈਂਬਰਾਂ ਵੱਜੋਂ ਨਾਮਜ਼ਦ ਕੀਤਾ ਜਾਵੇਗਾ। ਇਸੇ ਤਰਾਂ ਹਰ ਜ਼ਿਲੇ ਵਿੱਚ ਰਜਿਸਟ੍ਰੇਸ਼ਨ ਅਥਾਰਟੀ ਹੋਵੇਗੀ।