ਬਰਨਾਲਾ, 5 ਜਨਵਰੀ | ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਬਰਨਾਲਾ ਅਦਾਲਤ ਵਿਚ ਪੇਸ਼ੀ ‘ਤੇ ਆਇਆ ਇਕ ਦੋਸ਼ੀ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦੋਸ਼ੀ ਦੇ ਅਦਾਲਤ ‘ਚੋਂ ਫਰਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਨੇ ਇਸ ਬਾਰੇ ਇਲਾਕੇ ਤੋਂ ਇਲਾਵਾ ਹੋਰ ਨੇੜਲੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਕੰਟਰੋਲ ਰੂਮ ਰਾਹੀਂ ਸੂਚਿਤ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਅਜੇ ਸਿੰਘ ਪੁੱਤਰ ਰਾਜੂ ਸਿੰਘ ਨੂੰ ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ ਕੇਸ 379/411/474 ਆਈਪੀਸੀ ਦੇ ਸਬੰਧ ਵਿਚ ਬਠਿੰਡਾ ਪੁਲਿਸ ਪਾਰਟੀ ਬਰਨਾਲਾ ਅਦਾਲਤ ਵਿਚ ਚੱਲ ਰਹੇ ਉਕਤ ਅਪਰਾਧਿਕ ਕੇਸ ਵਿਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਇਸੇ ਦੌਰਾਨ ਅਦਾਲਤ ਕੰਪਲੈਕਸ ਵਿਚੋਂ ਦੋਸ਼ੀ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋ ਗਿਆ। ਮੁਲਜ਼ਮ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਪਾਰਟੀ ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।