ਪ੍ਰਿੰਸੀਪਲ ਨੇ 11ਵੀਂ ਦੀ ਵਿਦਿਆਰਥਣ ਨੂੰ ਕਮਰੇ ’ਚ ਬੁਲਾ ਕੇ ਕੀਤੀਆਂ ਅਸ਼ਲੀਲ ਹਰਕਤਾਂ, ਲੋਕਾਂ ਨੇ ਸਕੂਲ ਨੂੰ ਘੇਰਿਆ, ਹੰਗਾਮਾ

0
725

ਸ੍ਰੀ ਮੁਕਤਸਰ ਸਾਹਿਬ। ਸਰਕਾਰੀ ਸਕੂਲ ਦੇ ਪ੍ਰਿੰਸੀਪਲ ਉਤੇ ਆਪਣੇ ਹੀ ਸਕੂਲ ਦੀ ਵਿਦਿਆਰਥਣ ਨਾਲ ਛੇੜਛਾੜ ਦੇ ਇਲਜਾਮ ਲੱਗੇ ਹਨ। ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਦੇ ਇਕ ਸਰਕਾਰੀ ਸਕੂਲ ਦੀ ਦੱਸੀ ਜਾ ਰਹੀ ਹੈ। ਸਕੂਲ ਦੀ 11ਵੀਂ ਕਲਾਸ ਦੀ ਵਿਦਿਆਰਥਣ ਵਲੋਂ ਆਪਣੇ ਹੀ ਸਕੂਲ ਦੇ ਪ੍ਰਿੰਸੀਪਲ ਉਪਰ ਉਸ ਨਾਲ ਛੇੜਛਾੜ ਕਰਨ ਦੇ ਆਰੋਪ ਲਗਾਏ ਗਏ ਹਨ।

ਪੀੜਤ ਲੜਕੀ ਨੇ ਆਪਣੇ ਮਾਤਾ ਨੂੰ ਦੱਸਿਆ ਕਿ ਕਿੰਝ ਸਕੂਲ ਦੇ ਪ੍ਰਿੰਸੀਪਲ ਨੇ ਉਸਨੂੰ ਆਪਣੇ ਦਫਤਰ ਵਿਚ ਬੁਲਾ ਕੇ ਉਸ ਨਾਲ ਛੇੜਛਾੜ ਕੀਤੀ ਹੈ। ਇਸ ਗੱਲ ਬਾਰੇ ਪੀੜਤ ਲੜਕੀ ਦੀ ਮਾਤਾ ਨੇ ਲੜਕੀ ਦੇ ਪਿਤਾ ਨਾਲ ਗੱਲਬਾਤ ਕੀਤੀ। ਫਿਰ ਉਨ੍ਹਾਂ ਪਿੰਡ ਦੀ ਪੰਚਾਇਤ ਤੇ ਮੋਹਤਬਰ ਬੰਦਿਆਂ ਨਾਲ ਰਲ਼ ਕੇ ਸਵੇਰੇ ਹੀ ਸਕੂਲ ਨੂੰ ਘੇਰ ਲਿਆ। ਪਰ ਪ੍ਰਿੰਸੀਪਲ ਸਕੂਲ ਨਹੀਂ ਆਇਆ।

ਇਸ ਘਟਨਾ ਦੀ ਪੀੜਤ ਪਰਿਵਾਰ ਵਲੋਂ ਸਿੱਖਿਆ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਗਈ, ਜਿਸ ਦੀ ਪੜਤਾਲ ਕਰਨ ਸਿੱਖਿਆ ਵਿਭਾਗ ਦੇ ਡਿਪਟੀ  ਡੀਈਓ ਕਪਿਲ ਕੁਮਾਰ ਅਤੇ ਸਿੱਖਿਆ ਵਿਭਾਗ ਦੇ ਕੁਝ ਹੋਰ ਮੁਲਾਜ਼ਮ ਸਕੂਲ ਵਿਚ ਪੁੱਜੇ। ਪੀੜਤ ਪਰਿਵਾਰ ਨੇ ਸਿੱਖਿਆ ਵਿਭਾਗ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਕੂਲ ਦਾ ਪ੍ਰਿੰਸੀਪਲ ਵਿਦਿਆਰਥਣਾਂ ਨਾਲ ਇਤਰਾਜ਼ਯੋਗ ਹਰਕਤਾਂ ਕਰਦਾ ਹੈ। ਪੀੜਤ ਲੜਕੀ ਨੇ ਇਹ ਵੀ ਦੱਸਿਆ ਕਿ ਸਕੂਲ ਦਾ ਪ੍ਰਿੰਸੀਪਲ ਪਹਿਲਾਂ ਵੀ ਕਈ ਲੜਕੀਆਂ ਨਾਲ ਛੇੜਛਾੜ ਕਰ ਚੁੱਕਾ ਹੈ ਪਰ ਉਨ੍ਹਾਂ ਡਰਦੀਆਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ।

ਜਦ ਇਸ ਪੂਰੇ ਮਾਮਲੇ ਦੀ ਪੜਤਾਲ ਕਰਨ ਆਏ ਡਿਪਟੀ ਡੀਈਓ ਕਪਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੇ ਸਾਨੂੰ ਸਕੂਲ ਦੇ ਪ੍ਰਿੰਸੀਪਲ ਖਿਲਾਫ਼ ਇਸ ਘਟਨਾ ਬਾਰੇ ਇਤਲਾਹ ਮਿਲੀ ਸੀ, ਜਿਸਦੀ ਕਿ ਵਿਭਾਗ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

ਜਦ ਇਸ ਘਟਨਾ ਬਾਰੇ ਥਾਣਾ ਸਦਰ ਦੇ ਇੰਚਾਰਜ ਜਗਸੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਮੁਕਤਸਰ ਦੇ ਨਜ਼ਦੀਕੀ ਪਿੰਡ ਦੇ ਸਕੂਲ ਦੇ ਪ੍ਰਿੰਸੀਪਲ ਖਿਲਾਫ਼ ਇਕ ਦਰਖਾਸਤ ਆਈ ਹੈ, ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।