ਹਲਕਾ ਬੰਗਾ ਦੇ ਸਕੂਲਾਂ ‘ਚ 24 ਘੰਟਿਆਂ ‘ਚ ਭਰੀਆਂ ਜਾਣਗੀਆਂ ਅਧਿਆਪਕਾਂ ਦੀਆਂ ਪੋਸਟਾਂ, CM ਮਾਨ ਨੇ ਬਜਟ ਸੈਸ਼ਨ ਦੌਰਾਨ ਦਿੱਤੇ ਹੁਕਮ

0
727

ਚੰਡੀਗੜ੍ਹ, 4 ਮਾਰਚ | ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਹਲਕਾ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਆਪਣੇ ਇਲਾਕੇ ਦੇ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਅਤੇ ਅਧਿਆਪਕਾਂ ਦੀ ਕਮੀ ਦਾ ਮੁੱਦਾ ਚੁੱਕਿਆ, ਜਿਸ ਮਗਰੋਂ ਮੁੱਖ ਮੰਤਰੀ ਨੇ 24 ਘੰਟਿਆਂ ਵਿਚ ਅਧਿਆਪਕਾਂ ਦੀਆਂ ਪੋਸਟਾਂ ਭਰਨ ਦੇ ਹੁਕਮ ਦਿੱਤੇ।

ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ‘ਚ ਅੱਠ ਹਜ਼ਾਰ ਬੱਚੇ ਪੜ੍ਹਦੇ ਹਨ। ਪੰਜਾਬ ਵਿਚ 19 ਹਜ਼ਾਰ ਤੋਂ ਵੱਧ ਸਕੂਲ ਹਨ, ਇਹ ਸਭ ਪੁਰਾਣੀਆਂ ਸਰਕਾਰਾਂ ਨੇ ਬਣਾਏ ਹਨ। ਇਥੇ 30 ਲੱਖ ਬੱਚੇ ਪੜ੍ਹ ਰਹੇ ਹਨ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ।

ਉਨ੍ਹਾਂ  ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ 30 ਲੱਖ ਬੱਚਿਆਂ ਵੱਲ ਵੀ ਧਿਆਨ ਦਿਤਾ ਜਾਵੇ। ਉਨ੍ਹਾਂ ਆਪਣੇ ਹਲਕੇ ਦੇ ਚਾਰ ਸਕੂਲ ਗਿਣਾਏ ਜਿਥੇ ਅਧਿਆਪਕ ਨਹੀਂ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਤੋਂ ਤੁਰੰਤ ਸੂਚੀ ਮੰਗ ਲਈ ਅਤੇ ਭਰੋਸਾ ਦਿਤਾ ਕਿ ਅਧਿਆਪਕ 24 ਘੰਟਿਆਂ ਵਿਚ ਉਨ੍ਹਾਂ ਦੇ ਹਲਕੇ ਦੇ ਸਕੂਲਾਂ ਵਿਚ ਪਹੁੰਚ ਜਾਣਗੇ।

ਇਸ ਦੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਸਕੂਲਾਂ ਵਿਚ ਕਿਤਾਬਾਂ ਤੋਂ ਲੈ ਕੇ ਅਧਿਆਪਕਾਂ ਤਕ ਹਰ ਚੀਜ਼ ਦੀ ਘਾਟ ਹੈ। ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਵਰਦੀ ਲਈ 400 ਰੁਪਏ ਦਿੱਤੇ ਜਾਂਦੇ ਹਨ, ਜਦਕਿ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਵਰਦੀ ਲਈ 4 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਇਸ ਤਰ੍ਹਾਂ ਦਾ ਵਿਤਕਰਾ ਸਹੀ ਨਹੀਂ ਹੈ।