ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਪੰਜਾਬ ‘ਚ ‘ਡੇਂਗੂ’ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਦੇ ਘੱਟ ਕੇਸ ਦਰਜ ਹੋਣ ਦੇ ਬਾਵਜੂਦ ਵੀ ਇਸ ਸਾਲ ਡੇਂਗੂ ਦੀ ਪਾਜ਼ੇਟੀਵਿਟੀ ਦਰ ਵੱਧ ਰਹੀ ਹੈ।1 ਜਨਵਰੀ ਤੋਂ 10 ਨਵੰਬਰ ਤੱਕ 45,497 ‘ਚੋਂ 7,365 ਮਰੀਜ਼ ਡੇਂਗੂ ਪਾਜ਼ੇਟਿਵ ਪਾਏ ਗਏ ਹਨ। ਸੂਬੇ ‘ਚ ਡੇਂਗੂ ਦੀ ਪਾਜ਼ਟੇਵਿਟੀ ਦਰ 16.18 ਫ਼ੀਸਦੀ ਹੈ। ਪੰਜਾਬ ਦੇ 8 ਜ਼ਿਲ੍ਹਿਆਂ ‘ਚ ਡੇਂਗੂ ਦੀ ਪਾਜ਼ੇਟੀਵਿਟੀ ਦਰ ਸੂਬੇ ਦੀ ਔਸਤ ਨਾਲੋਂ ਵੀ ਵੱਧ ਹੈ।
ਇਨ੍ਹਾਂ ‘ਚੋਂ 63 ਫ਼ੀਸਦੀ ਕੇਸ ਕਰੀਬ 6 ਜ਼ਿਲ੍ਹਿਆਂ ਤੱਕ ਸੀਮਤ ਹਨ। ਮੋਹਾਲੀ ‘ਚ ਡੇਂਗੂ ਦੇ ਸਭ ਤੋਂ ਜ਼ਿਆਦਾ 1416 ਮਾਮਲੇ ਸਾਹਮਣੇ ਆਏ ਹਨ। 10 ਨਵੰਬਰ ਤੱਕ ਰੋਪੜ ‘ਚ ਡੇਂਗੂ ਦੀ ਪਾਜ਼ੇਟੀਵਿਟੀ ਦਰ ਸਭ ਤੋਂ ਜ਼ਿਆਦਾ 39.61 ਫ਼ੀਸਦੀ ਰਹੀ। ਇੱਥੇ ਡੇਂਗੂ ਦੇ 1840 ਨਮੂਨਿਆਂ ‘ਚੋਂ 729 ਸੈਂਪਲ ਪਾਜ਼ੇਟਿਵ ਪਾਏ ਗਏ।ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ‘ਚ ਪਾਜ਼ੇਟੀਵਿਟੀ ਦਰ 34.87 ਫ਼ੀਸਦੀ, ਗੁਰਦਾਸਪੁਰ ‘ਚ 32.69 ਫ਼ੀਸਦੀ, ਪਠਾਨਕੋਟ ‘ਚ 26.97 ਫ਼ੀਸਦੀ, ਬਠਿੰਡਾ ‘ਚ 25.46 ਫ਼ੀਸਦੀ, ਜਲੰਧਰ ‘ਚ 21.44 ਫ਼ੀਸਦੀ, ਲੁਧਿਆਣਾ ‘ਚ 19.19 ਫ਼ੀਸਦੀ ਅਤੇ ਨਵਾਂਸ਼ਹਿਰ ‘ਚ 18.39 ਫ਼ੀਸਦੀ ਦਰਜ ਕੀਤੀ ਗਈ। ਇਸ ਬਾਰੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸਾਰੀ ਸਥਿਤੀ ਕੰਟਰੋਲ ‘ਚ ਹੈ ਅਤੇ ਡੇਂਗੂ ਤੋਂ ਰੋਕਥਾਮ ਲਈ ਹਰ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ।