ਦਿੱਲੀ ਤੋਂ ਗ੍ਰਿਫਤਾਰ ਚਾਰੇ ਕਥਿਤ ਅੱਤਵਾਦੀਆਂ ਨੂੰ ਪੰਜਾਬ ਲੈ ਕੇ ਆਈ ਪੁਲਿਸ, ਐਤਵਾਰ ਨੂੰ ਫੜੇ ਸਨ ਸਾਰੇ ਅੱਤਵਾਦੀ

0
697

ਚੰਡੀਗੜ੍ਹ। ਪੰਜਾਬ ਪੁਲਿਸ ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਚਲਾਈ ਮੁਹਿੰਮ ਵਿਚ ਐਤਵਾਰ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਚਾਰੇ ਕਥਿਤ ਅੱਤਵਾਦੀਆਂ ਨੂੰ ਪੰਜਾਬ ਲਿਆਂਦਾ ਗਿਆ। ਇਹ ਅੱਤਵਾਦੀ ਕੈਨੇਡਾ ਤੇ ਆਸਟ੍ਰੇਲੀਆ ਦੇ ਗੈਂਗਸਟਰ ਨਾਲ ਜੁੜੇ ਹੋਏ ਸਨ।

ਆਜਾਦੀ ਦਿਵਸ ਤੋਂ ਠੀਕ ਇਕ ਦਿਨ ਪਹਿਲਾਂ ਪੰਜਾਬ ਤੇ ਦਿੱਲੀ ਪੁਲਿਸ ਨੇ ਪਾਕਿਸਤਾਨ ਖੁਫੀਆ ਏਜੰਸੀ ਆਈਐਸਆਈ ਤੋਂ ਸਮਰਥਨ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਐਤਵਾਰ ਨੂੰ ਪਰਦਾਫਾਸ਼ ਕੀਤਾ ਗਿਆ ਸੀ। ਦਿੱਲੀ ਵਿਚ ਕੈਨੇਡਾ ਤੇ ਆਸਟ੍ਰੇਲੀਆ ਵਿਚ ਬੈਠੇ ਗੈਂਗਸਟਰਾਂ ਨਾਲ ਸਬੰਧ ਰੱਖਣ ਚਾਰ ਕਥਿਤ ਅੱਤਵਾਦੀਆਂ ਨੂੰ ਦੋਵਾਂ ਸੂਬਿਆਂ ਦੀ ਪੁਲਿਸ ਨੇ ਕਾਬੂ ਕੀਤਾ ਸੀ।

ਗ੍ਰਿਫਤਾਰ ਕਥਿਤ ਅੱਤਵਾਦੀਆਂ ਦਾ ਸਬੰਧ ਕੈਨੇਡਾ ਦੇ ਗੈਂਗਸਟਰ ਅਰਸ਼ਦੀਪ ਸਿੰਘ ਅਰਸ਼ ਡੱਲਾ ਤੇ ਆਸਟ੍ਰੇਲੀਆ ਅਧਾਰਤ ਗੈਂਗਸਟਰ ਗੁਰਜੰਟ ਸਿੰਘ ਉਰਫ ਜੰਟਾ ਨਾਲ ਹੈ। ਕਥਿਤ ਅੱਤਵਾਦੀਆਂ ਨੂੰ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਤੇ ਦਿੱਲੀ ਪੁਲਿਸ ਦੀ ਮਦਦ ਨਾਲ ਇਕ ਖੁਫੀਆ ਆਪ੍ਰੇਸ਼ਨ ਦੌਰਾਨ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਪੁਲਿਸ ਨੇ ਗ੍ਰਿਫਤਾਰ ਕੀਤੇ ਕਥਿਤ ਅੱਤਵਾਦੀਆਂ ਦੇ ਕਬਜੇ ਤੋਂ 3 ਹੈਂਡ ਗ੍ਰੇਨੇਡ, ਇਕ ਆਈਡੀ ਤੇ ਦੋ 9 ਐਮਐਮ ਦੇ ਪਿਸਟਲ ਤੇ 40 ਕਾਰਤੂਸ ਬਰਾਮਦ ਕੀਤੇ ਹਨ। ਅੱਤਵਾਦੀਆਂ ਦੀ ਪਛਾਣ ਪ੍ਰੀਤ ਨਗਰ ਮੋਗਾ ਵਾਸੀ ਦੀਪਕ ਸ਼ਰਮਾ, ਫਿਰੋਜਪੁਰ ਦੇ ਪਿੰਡ ਕੋਟ ਕਰੋੜ ਕਲਾਂ ਦੇ ਸੰਦੀਪ ਸਿੰਘ, ਦਿੱਲੀ ਦੇ ਨਜਫਗੜ੍ਹ ਦੇ ਪਿੰਡ ਈਸ਼ਪੁਰ ਦੇ ਸੰਨੀ ਡਾਗਰ ਤੇ ਨਵੀਂ ਦਿੱਲੀ ਦੇ ਗੋਇਲਾ ਖੁਰਦ ਵਾਸੀ ਵਿਪਿਨ ਜਾਖੜ ਵਜੋਂ ਹੋਈ ਹੈ।

ਡੀਜੀਪੀ ਨੇ ਦੱਸਿਆ ਕਿ ਇਹ ਸਾਰੇ ਆਰੋਪੀ ਵਿਪਿਨ ਜਾਖੜ ਦੇ ਘਰ ਵਿਚ ਲੁਕੇ ਸਨ। ਇਹ ਸੂਚਨਾ ਮਿਲਣ ਦੇ ਬਾਅਦ ਨਵੀਂ ਦਿੱਲੀ ਦੇ ਪਿੰਡ ਗੋਇਲਾ ਖੁਰਦ ਵਿਚ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਦੁਆਰਕਾ ਪੁਲਿਸ ਦੇ ਨਾਲ ਮਿਲ ਕੇ ਉਨ੍ਹਾਂ ਦੇ ਠਿਕਾਣਿਆਂ ਉਤੇ ਕੀਤੀ ਛਾਪੇਮਾਰੀ ਕਰਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।