ਦੁਬਈ ਤੋਂ ਤਸਕਰੀ ਕਰਕੇ ਸੋਨਾ ਲਿਆਏ ਵਿਅਕਤੀ ਨੂੰ ASI ਨੇ ਰਾਹ ‘ਚ ਲੁੱਟਿਆ, 4 ਸਾਥੀਆਂ ਸਮੇਤ ਗ੍ਰਿਫ਼ਤਾਰ

0
1391

ਲੁਧਿਆਣਾ, 28 ਸਤੰਬਰ | ਪੁਲਿਸ ਨੇ ਗੁਰਦਾਸਪੁਰ ਸੀਆਈਏ ਸਟਾਫ ਵਿਚ ਤਾਇਨਾਤ ਏਐੱਸਆਈ ਕਮਲ ਕਿਸ਼ੋਰ ਨੂੰ ਉਸ ਦੇ ਚਾਰ ਸਾਥੀਆਂ ਨਾਲ ਕਾਬੂ ਕੀਤਾ ਹੈ। ਉਸ ਨੇ ਸਾਥੀਆਂ ਨਾਲ ਮਿਲ ਕੇ ਦੁਬਈ ਤੋਂ ਤਸਕਰੀ ਕਰਕੇ ਲਿਆਂਦੇ ਸੋਨੇ ਦੇ ਪੇਸਟ ਨੂੰ ਇਕ ਵਿਅਕਤੀ ਤੋਂ ਮੋਹਾਲੀ ਕੋਲ ਲੁੱਟ ਲਿਆ ਸੀ। ਲੁੱਟੇ ਗਏ ਸੋਨੇ ਦੇ ਪੇਸਟ ਨੂੰ ਉਹ ਲੁਧਿਆਣਾ ਵਿਚ ਸੁਨਿਆਰਿਆਂ ਨੂੰ ਵੇਚਣ ਆਇਆ ਸੀ। ਇਸ ਦੌਰਾਨ ਉਹ ਸੀਆਈਏ-2 ਦੀ ਟੀਮ ਦੇ ਹੱਥ ਚੜ੍ਹ ਗਿਆ। ਉਸ ਕੋਲ ਸੋਨੇ ਦੀ 825 ਗ੍ਰਾਮ ਪੇਸਟ ਬਰਾਮਦ ਕੀਤੀ ਗਈ। ਪੁਲਿਸ ਨੇ ਏਐੱਸਆਈ ਦੇ 4 ਸਾਥੀਆਂ ਗੁਰਦਾਸਪੁਰ ਦੇ ਧਾਰੀਵਾਲ ਦੀ ਰਹਿਣ ਵਾਲੀ ਨੇਹਾ, ਹਰਜਿੰਦਰ ਸਿੰਘ ਉਰਫ਼ ਬੱਬਾ, ਸਤਨਾਮ ਸਿੰਘ ਉਰਫ਼ ਸੋਢੀ ਤੇ ਗੁਰਦਾਸਪੁਰ ਦੇ ਹੀ ਪਿੰਡ ਤਿੱਬੜੀ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੁਬਈ ਵਿਚ ਬੈਠਾ ਸੋਨੇ ਦਾ ਤਸਕਰ ਪੁਨੀਤ ਕੁਮਾਰ ਉਥੋਂ ਸੋਨੇ ਦੀ ਪੇਸਟ ਪੰਜਾਬ ਭੇਜ ਰਿਹਾ ਹੈ। ਇਸ ਤੋਂ ਪਹਿਲਾਂ 9 ਸਤੰਬਰ ਨੂੰ ਵੀ ਪੁਲਿਸ ਨੇ ਇਕ ਕਿੱਲੋ 230 ਗ੍ਰਾਮ ਸੋਨੇ ਦੀ ਪੇਸਟ ਫੜੀ ਸੀ। ਇਸ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਸੀ। ਦੋਸ਼ੀ ਨੇਹਾ ਦੁਬਈ ਵਿਚ ਪੁਨੀਤ ਕੋਲ ਕੇਅਰਟੇਕਰ ਵਜੋਂ ਕੰਮ ਕਰਦੀ ਸੀ। ਉਹ ਕੁਝ ਸਮਾਂ ਪਹਿਲਾਂ ਪੰਜਾਬ ਮੁੜ ਆਈ ਸੀ। ਪੁਨੀਤ ਦੁਬਈ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਲਾਲਚ ਦੇ ਕੇ ਸੋਨੇ ਦੀ ਪੇਸਟ ਇਥੇ ਭੇਜਦਾ ਹੈ। ਪੁਨੀਤ ਦੇ ਹੀ ਇਕ ਸਾਥੀ ਨੇ ਇਕ ਯਾਤਰੀ ਕੋਲ ਸੋਨੇ ਦੀ ਪੇਸਟ ਭੇਜਣ ਦੀ ਜਾਣਕਾਰੀ ਨੇਹਾ ਨੂੰ ਦਿੱਤੀ ਸੀ। ਨੇਹਾ ਨੇ ਏਐੱਸਆਈ ਤੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਉਸ ਯਾਤਰੀ ਨੂੰ ਮੁਹਾਲੀ ਵਿਚ ਏਅਰਪੋਰਟ ਰੋਡ ਕੋਲ ਲੁੱਟ ਲਿਆ।

ਇਹ ਲੋਕ ਯਾਤਰੀ ਦਾ ਪਾਸਪੋਰਟ ਵੀ ਨਾਲ ਲੈ ਗਏ ਸਨ। ਲੁੱਟ ਤੋਂ ਬਾਅਦ ਇਹ ਲੋਕ ਗੁਰਦਾਸਪੁਰ ਚਲੇ ਗਏ। ਸੋਨੇ ਦੀ ਅੱਧੀ ਪੇਸਟ ਇਨ੍ਹਾਂ ਲੋਕਾਂ ਨੇ ਉਥੇ ਕਿਸੇ ਸੁਨਿਆਰੇ ਨੂੰ ਵੇਚ ਦਿੱਤੀ। 825 ਗ੍ਰਾਮ ਪੇਸਟ ਨੂੰ ਵੇਚਣ ਲਈ ਲੁਧਿਆਣਾ ਆਏ ਸਨ ਪਰ ਪੁਲਿਸ ਦੇ ਹੱਥੇ ਚੜ੍ਹ ਗਏ।