ਚੰਡੀਗੜ੍ਹ, 18 ਫਰਵਰੀ | ਟੈਕਨਾਲੋਜੀ ਦੇ ਬਦਲਦੇ ਦੌਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਜਿੱਥੇ ਕੰਮ ਨੂੰ ਸੌਖਾ ਕਰ ਰਹੀ ਹੈ, ਉੱਥੇ ਹੀ ਹੁਣ ਇਸ ਦਾ ਮਾੜਾ ਅਸਰ ਨੌਕਰੀਆਂ ‘ਤੇ ਵੀ ਸਾਫ਼ ਦਿਖਣ ਲੱਗ ਪਿਆ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ, ਕੰਪਨੀਆਂ ਵੱਲੋਂ ਏ.ਆਈ. ਨੂੰ ਤੇਜ਼ੀ ਨਾਲ ਅਪਣਾਉਣ ਕਾਰਨ ਰਵਾਇਤੀ ਨੌਕਰੀਆਂ ਦੇ ਖ਼ਤਰੇ ਵਧ ਗਏ ਹਨ।
‘ਇੰਡੀਅਨ ਕੌਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨਜ਼’ (ICRIER) ਵੱਲੋਂ ਜਾਰੀ ‘ਏ.ਆਈ. ਐਂਡ ਜੌਬਸ’ ਰਿਪੋਰਟ ਵਿੱਚ ਵੱਡੇ ਖੁਲਾਸੇ ਕੀਤੇ ਗਏ ਹਨ। ਰਿਪੋਰਟ ਅਨੁਸਾਰ 63 ਫੀਸਦੀ ਕੰਪਨੀਆਂ ਹੁਣ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਦੇ ਰਹੀਆਂ ਹਨ, ਜਿਨ੍ਹਾਂ ਕੋਲ ਡੇਟਾ ਸਕਿੱਲਜ਼ ਜਾਂ ਏ.ਆਈ. ਦੀ ਮੁਹਾਰਤ ਹੈ। ਖ਼ਾਸ ਕਰਕੇ ਸਾਫ਼ਟਵੇਅਰ ਡਿਵੈਲਪਰ ਅਤੇ ਡੇਟਾਬੇਸ ਐਡਮਿਨਿਸਟ੍ਰੇਟਰ ਵਰਗੇ ਖੇਤਰਾਂ ਵਿੱਚ ਇਹ ਬਦਲਾਅ ਤੇਜ਼ੀ ਨਾਲ ਆਇਆ ਹੈ।
ਰਿਪੋਰਟ ਵਿੱਚ ਚਿੰਤਾਜਨਕ ਗੱਲ ਇਹ ਹੈ ਕਿ ਜਿੱਥੇ ਮੱਧ (Middle) ਅਤੇ ਚੋਟੀ ਦੇ ਪੱਧਰ (Top Level) ਦੀਆਂ ਨੌਕਰੀਆਂ ਵਿੱਚ ਫਿਲਹਾਲ ਸਥਿਰਤਾ ਹੈ, ਉੱਥੇ ਨਵੇਂ ਨੌਜਵਾਨਾਂ (Freshers) ਲਈ ਨੌਕਰੀ ਹਾਸਲ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ। ਮਾਹਿਰਾਂ ਅਨੁਸਾਰ, ਜੇਕਰ ਨੌਜਵਾਨਾਂ ਨੇ ਸਮੇਂ ਸਿਰ ਨਵੀਂ ਟੈਕਨਾਲੋਜੀ ਮੁਤਾਬਕ ਆਪਣੇ ਆਪ ਨੂੰ ਨਾ ਢਾਲਿਆ, ਤਾਂ ਆਉਣ ਵਾਲੇ ਸਮੇਂ ਵਿੱਚ ਬੇਰੁਜ਼ਗਾਰੀ ਦੀ ਮਾਰ ਹੋਰ ਵਧ ਸਕਦੀ ਹੈ।




































