ਸੰਗਰੂਰ | ਪਿੰਡ ਮੰਗਵਾਲ ਦੀ ਪੰਚਾਇਤ ਵੱਲੋਂ ਚੋਰੀਆਂ ਅਤੇ ਅਪਰਾਧਾਂ ਵਿਚ ਜੁੜੇ ਲੋਕਾਂ ਲਈ ਸਖ਼ਤੀ ਅਖਤਿਆਰ ਕਰਦਿਆਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪਿੰਡ ਦੀ ਪੰਚਾਇਤ ਵਲੋਂ ਇਕ ਮਤਾ ਪਾਸ ਕੀਤਾ ਗਿਆ ਹੈ, ਜਿਸ ਤਹਿਤ ਨਸ਼ੇ ਵੇਚਣ, ਕਰਨ, ਝਗੜੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ ਹੈ।
ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਸਾਂਝੇ ਤੌਰ ‘ਤੇ ਇਕ ਮਤਾ ਪਾਸ ਕੀਤਾ ਗਿਆ ਹੈ, ਜਿਸ ਤਹਿਤ ਉਕਤ ਵਿਅਕਤੀ ਦਾ ਮੂੰਹ ਕਾਲਾ ਕਰਕੇ ਪੂਰੇ ਪਿੰਡ ਦਾ ਗੇੜਾ ਲਗਵਾਇਆ ਜਾਵੇਗਾ। ਇਸ ਤੋਂ ਇਲਾਵਾ ਉਸ ਦੇ ਪਰਿਵਾਰ ਨਾਲ ਵੀ ਸਾਰੇ ਨਾਤੇ ਤੋੜ ਲਏ ਜਾਣਗੇ ਅਤੇ ਕਿਸੇ ਤਰ੍ਹਾਂ ਦੀ ਵੀ ਹਮਾਇਤ ਨਹੀਂ ਕੀਤੀ ਜਾਵੇਗੀ ਸਗੋਂ ਖੁਦ ਪੰਚਾਇਤ ਉਨ੍ਹਾਂ ਦੀ ਸ਼ਿਕਾਇਤ ਕਰੇਗੀ ਅਤੇ ਬਣਦੀ ਕਾਰਵਾਈ ਤਹਿਤ ਸਜ਼ਾ ਵੀ ਦਿਵਾਏਗੀ।
ਸਪੋਰਟਸ ਕਲੱਬ ਦੇ ਮੈਂਬਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰ ਸ਼ਰ੍ਹੇਆਮ ਹਥਿਆਰਾਂ ਸਮੇਤ ਘੁੰਮਦੇ ਹਨ ਅਤੇ ਕਿਸੇ ਵਿਅਕਤੀ ਦੀ ਵੀ ਕੁੱਟਮਾਰ ਕਰਕੇ ਫ਼ਰਾਰ ਹੋ ਜਾਂਦੇ ਹਨ, ਜਿਸ ਕਾਰਨ ਪੰਚਾਇਤ ਅਤੇ ਪਿੰਡ ਦੇ ਸਾਰੇ ਸੰਗਠਨਾਂ ਵੱਲੋਂ ਸਮੂਹਿਕ ਤੌਰ ‘ਤੇ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਬਾਹਰੀ ਵਿਅਕਤੀ ਪਿੰਡ ਦੀ ਕਿਸੇ ਵੀ ਲੜਾਈ ‘ਚ ਦਖ਼ਲਅੰਦਾਜੀ ਕਰਦਾ ਹੈ ਜਾਂ ਲੜਾਈ-ਝਗੜਾ ਕਰਦਾ ਹੈ ਤਾਂ ਉਸ ਸ਼ਰਾਰਤੀ ਅਨਸਰ ਦਾ ਵੀ ਮੂੰਹ ਕਾਲਾ ਕੀਤਾ ਜਾਵੇਗਾ ।