ਕੈਨੇਡਾ ‘ਚੋਂ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ, ਸਟੱਡੀ ਵੀਜ਼ਾ ਸੀਮਤ ਕਰਨ ਦੀ ਤਿਆਰੀ, ਪੰਜਾਬ ‘ਚ ਹੜਕੰਪ

0
1008

ਨਿਊਜ਼ ਡੈਸਕ| ਕੈਨੇਡੀਅਨ ਸਰਕਾਰ ਦੇ ਮੰਤਰੀ ਸੀਨ ਫਰੇਜ਼ਰ ਨੇ ਸੰਕੇਤ ਦਿੱਤਾ ਹੈ ਕਿ ਟਰੂਡੋ ਸਰਕਾਰ ਨੂੰ ਸਟੱਡੀ ਵੀਜ਼ਿਆਂ ਦਾ ਮੁਲਾਂਕਣ ਕਰਨ ਅਤੇ ਗਿਣਤੀ ਨੂੰ ਸੀਮਤ ਕਰਨ ‘ਤੇ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ। ਫਰੇਜ਼ਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਦੀ ਤੇਜ਼ੀ ਨਾਲ ਆਮਦ ਜ਼ਮੀਨਾਂ ਅਤੇ ਮਕਾਨਾਂ ਦੀ ਕੀਮਤ ‘ਤੇ ਬਹੁਤ ਮਾੜਾ ਪ੍ਰਭਾਵ ਪਾ ਰਹੀ ਹੈ। ਕੈਨੇਡਾ ਦੀ ਟਰੂਡੋ ਸਰਕਾਰ ਦੇ ਮੰਤਰੀ ਦੇ ਬਿਆਨ ਦਾ ਪੰਜਾਬ ਵਿੱਚ ਡੂੰਘਾ ਅਸਰ ਪਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਭਾਰਤੀਆਂ ਦਾ ਉੱਥੇ ਜਾਣ ਦਾ ਸੁਪਨਾ ਟੁੱਟ ਸਕਦਾ ਹੈ। ਕੈਨੇਡਾ ਵਿੱਚ ਲੋਕਾਂ ਨੂੰ ਰਹਿਣ ਲਈ ਥਾਂ ਦੀ ਘਾਟ ਹੋ ਰਹੀ ਹੈ। ਇਸੇ ਲਈ ਇਹ ਦੇਸ਼ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਰੋਕਣ ਦੀ ਤਿਆਰੀ ਕਰ ਰਿਹਾ ਹੈ। 2022 ਵਿੱਚ 184 ਦੇਸ਼ਾਂ ਦੇ 8 ਲੱਖ ਤੋਂ ਵੱਧ ਵਿਦਿਆਰਥੀ ਕੈਨੇਡਾ ਆਏ ਸਨ। ਜਦੋਂਕਿ 2015 ਵਿੱਚ ਇਹ ਗਿਣਤੀ ਚਾਰ ਲੱਖ ਤੋਂ ਘੱਟ ਸੀ।

ਆਸਮਾਨ ਛੂੰਹਦੀਆਂ ਘਰਾਂ ਦੀਆਂ ਕੀਮਤਾਂ
ਕੈਨੇਡਾ ਦੇ ਓਟਾਵਾ ‘ਚ ਵਸਦੇ ਪੰਜਾਬੀ ਭਾਈਚਾਰੇ ਦੇ ਜਾਣੇ-ਪਛਾਣੇ ਆਗੂ ਜਸਵਿੰਦਰ ਸਿੰਘ ਜੱਸਾ ਦਾ ਕਹਿਣਾ ਹੈ ਕਿ ਕੈਨੇਡਾ ‘ਚ ਆਉਣ ਵਾਲੀ ਇਹ ਭੀੜ ਸਿਆਸਤ ਦਾ ਹਿੱਸਾ ਸੀ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ 2024 ਤੱਕ ਆਪਣੇ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਲਈ ਇੱਕ ਨਵਾਂ ਭਰੋਸੇਯੋਗ ਸੰਸਥਾਨ ਢਾਂਚਾ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਪਿਛਲੇ ਸੱਤ ਸਾਲਾਂ ਵਿੱਚ ਘਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ ਅਤੇ ਇੱਥੋਂ ਦੇ ਵਾਸੀ ਬੇਚੈਨ ਮਹਿਸੂਸ ਕਰ ਰਹੇ ਹਨ।