ਸੀਐਮ ਦੇ ਆਪਣੇ ਹਲਕੇ ਸੰਗਰੂਰ ਦਾ ਨੈਸ਼ਨਲ ਬਾਕਸਿੰਗ ਚੈਂਪੀਅਨ ਝਾੜੂ ਮਾਰ ਕੇ ਜ਼ਿੰਦਗੀ ਬਸਰ ਕਰਨ ਲਈ ਮਜਬੂਰ

0
598

 ਸੰਗਰੂਰ। ਬੇਸ਼ੱਕ ਭਗਵੰਤ ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਪੰਜਾਬ ਅੰਦਰ ਖਿਡਾਰੀਆਂ ਦੀ ਹਾਲਤ ਕਾਫੀ ਬਦਤਰ ਹੈ। ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਸੋਨ ਤਮਗਾ ਜੇਤੂ ਮੁੱਕੇਬਾਜ਼ ਸਫਾਈ ਸੇਵਕ ਦਾ ਕੰਮ ਕਰ ਰਿਹਾ ਹੈ। ਅਹਿਮ ਗੱਲ ਹੈ ਕਿ ਇਹ ਖਿਡਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਦਾ ਹੀ ਹੈ। 

ਮੁੱਕੇਬਾਜ਼ੀ ਵਿੱਚ ਸੋਨ ਤਗ਼ਮਾ ਜੇਤੂ ਖਿਡਾਰੀ ਮਨੋਜ ਕੁਮਾਰ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਮੁੱਕੇਬਾਜ਼ੀ ਵਿੱਚ ਬਰਬਾਦ ਕਰ ਦਿੱਤੀ ਹੈ ਪਰ ਅੱਜ ਹਾਲਾਤ ਇਹ ਹਨ ਕਿ ਰੋਜ਼ੀ ਰੋਟੀ ਲਈ ਸਫਾਈ ਦਾ ਕੰਮ ਕਰਨਾ ਪੈ ਰਿਹਾ ਹੈ। 

ਉਸ ਨੇ ਕਿਹਾ ਕਿ ਜ਼ਿੰਦਗੀ ਵਾਂਗ ਮੇਰੇ ਤਗਮੇ ਵੀ ਉਲਝੇ ਹੋਏ ਹਨ। ਨੈਸ਼ਨਲ ਬਾਕਸਿੰਗ ਚੈਂਪੀਅਨ ਮਨੋਜ ਦੇ ਚਿਹਰੇ ‘ਤੇ ਨਿਰਾਸ਼ਾ ਦਿਖਾਈ ਦੇ ਰਹੀ ਹੈ। ਉਸ ਨੇ ਕਿਹਾ ਕਿ ਮੁੱਕੇਬਾਜ਼ੀ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। 

ਦੱਸ ਦਈਏ ਕਿ 30 ਸਾਲਾ ਮਨੋਜ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਆਪਣਾ ਗੁਜ਼ਾਰਾ ਚਲਾਉਣ ਲਈ ਝਾੜੂ ਮਾਰਦਾ ਹੈ। ਮਨੋਜ ਮਜਬੂਰੀਆਂ ਤੇ ਆਰਥਿਕ ਤੰਗੀ ਕਾਰਨ ਮੁੱਕੇਬਾਜ਼ੀ ਤੋਂ ਨਾਰਾਜ਼ ਹੋ ਗਿਆ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਮੰਗ ਕਰ ਰਿਹਾ ਹੈ।