ਭੋਗਪੁਰ/ਜਲੰਧਰ | ਸ਼ਨੀਵਾਰ ਦੇਰ ਰਾਤ ਥਾਣਾ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ‘ਚ 26 ਸਾਲਾ ਇਕ ਨੌਜਵਾਨ ਨੂੰ ਉਸ ਦੀ ਸੱਸ, 2 ਸਾਲਿਆਂ ਤੇ 3 ਅਣਪਛਾਤੇ ਵਿਅਕਤੀਆਂ ਨੇ ਤੇਜ਼ਤਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ।
ਮ੍ਰਿਤਕ ਗੁਰਿੰਦਰ ਸਿੰਘ ਲੱਕੀ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਲੱਕੀ ਨੇ ਪਿੰਡ ਭਟਨੂਰਾ ਲੁਬਾਣਾ ਦੀ ਰਹਿਣ ਵਾਲੀ ਹਰਦੀਪ ਕੌਰ ਨਾਲ ਲਵ ਮੈਰਿਜ ਕਰਵਾਈ ਸੀ। 5 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਤੋਂ ਬਾਅਦ ਗੁਰਿੰਦਰ ਸਿੰਘ ਦੇ ਘਰ 2 ਬੱਚਿਆਂ ਨੇ ਜਨਮ ਲਿਆ।
ਲਵ ਮੈਰਿਜ ਹੋਣ ਕਾਰਨ ਗੁਰਿੰਦਰ ਸਿੰਘ ਦੇ ਸਾਲੇ ਮਨਿੰਦਰ ਸਿੰਘ, ਵਰਿੰਦਰਪਾਲ ਸਿੰਘ ਤੇ ਸੱਸ ਰਾਜਿੰਦਰ ਕੌਰ ਉਸ ਨਾਲ ਰੰਜਿਸ਼ ਰੱਖਦੇ ਸਨ ਤੇ ਕਈ ਵਾਰ ਦੋਵਾਂ ਧਿਰਾਂ ਦਾ ਆਪਸ ਵਿੱਚ ਝਗੜਾ ਵੀ ਹੋ ਚੁੱਕਾ ਸੀ।
ਸ਼ਨੀਵਾਰ ਰਾਤ ਵੀ ਲੱਕੀ ਦਾ ਆਪਣੇ ਸਹੁਰਾ ਪਰਿਵਾਰ ਦੇ ਮੈਂਬਰਾਂ ਤੇ 3 ਅਣਪਛਾਤੇ ਵਿਅਕਤੀਆਂ ਨਾਲ ਘਰ ਵਿੱਚ ਝਗੜਾ ਹੋ ਰਿਹਾ ਸੀ। ਇਸੇ ਦੌਰਾਨ ਜਦੋਂ ਉਹ (ਮ੍ਰਿਤਕ ਦਾ ਪਿਤਾ) ਉਸ ਦੇ ਸਹੁਰੇ ਘਰ ਪੁੱਜਾ ਤਾਂ ਲੱਕੀ ‘ਤੇ ਉਸ ਦੇ ਸਾਲਿਆਂ, ਸੱਸ ਤੇ 3 ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਦਾਤਰ, ਕੈਂਚੀ, ਕਿਰਪਾਨਾਂ ਆਦਿ ਨਾਲ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਉਸ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਰੌਲ਼ਾ ਪਾਇਆ ਤਾਂ ਸਾਰੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ ‘ਚ ਲੱਕੀ ਨੂੰ ਜਦੋਂ ਸਿਵਲ ਹਸਪਤਾਲ ਕਾਲਾ ਬੱਕਰਾ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲਿਸ ਨੇ ਜੋਗਿੰਦਰ ਸਿੰਘ ਦੇ ਬਿਆਨਾਂ ‘ਤੇ ਗੁਰਿੰਦਰ ਸਿੰਘ ਦੇ 2 ਸਾਲਿਆਂ, ਸੱਸ ਤੇ 3 ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਹੈ।
ਸਬ-ਡਵੀਜ਼ਨ ਆਦਮਪੁਰ ਦੇ ਏਸੀਪੀ ਅਜੇ ਗਾਂਧੀ ਨੇ ਦੱਸਿਆ ਕਿ ਮ੍ਰਿਤਕ ਗੁਰਿੰਦਰ ਸਿੰਘ ‘ਤੇ ਹਮਲਾ ਕਰਨ ਵਾਲੀ ਸੱਸ ਰਾਜਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।