ਪਿਤਾ ਦਾ ਕਰਜ਼ਾ ਮਾਫ ਕਰਨ ਦਾ ਕਹਿ ਕੇ ਨਾਬਾਲਗ ਨੂੰ ਨੰਗਾ ਕਰਕੇ ਕਰਵਾਈ ਪੂਜਾ, ਵੀਡੀਓ ਵਾਇਰਲ ਹੋਈ ਤਾਂ ਸਾਹਮਣੇ ਆਇਆ ਮਾਮਲਾ

0
404

ਨਵੀਂ ਦਿੱਲੀ: ਕਰਨਾਟਕ ‘ਚ ਇਕ ਲੜਕੇ ਨੂੰ ਬਿਨਾਂ ਕੱਪੜਿਆਂ ਦੇ ਪੂਜਾ ਕਰਨ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕਰਨਾਟਕ ਦੇ ਕੋਪਲ ‘ਚ ਵਾਪਰੀ, ਜਿੱਥੇ ਇਕ ਨਾਬਾਲਗ ਲੜਕੇ ਨੂੰ ਕਥਿਤ ਤੌਰ ‘ਤੇ ਆਪਣੇ ਪਿਤਾ ਦਾ ਕਰਜ਼ਾ ਚੁਕਾਉਣ ਲਈ ਕੱਪੜੇ ਉਤਾਰ ਕੇ ਨਗਨ ਪੂਜਾ ਕਰਨ ਲਈ ਮਜਬੂਰ ਕੀਤਾ ਗਿਆ। ਦੋਸ਼ੀ ਨੇ ਇਸ ਘਟਨਾ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਸ ਤਰ੍ਹਾਂ ਕੁਝ ਲੋਕਾਂ ਨੇ ਪੂਜਾ ਦੀ ਪਵਿੱਤਰਤਾ ਨੂੰ ਵਿਗਾੜਿਆ ਹੈ।

ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ ਮੁਤਾਬਕ ਨਾਬਾਲਗ ਬੱਚੇ ਦੀ ਉਮਰ 16 ਸਾਲ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਨਾ ਸਿਰਫ ਮਾਮਲਾ ਦਰਜ ਕੀਤਾ ਹੈ, ਸਗੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਨਾਬਾਲਿਗ ਨੂੰ ਮਜ਼ਬੂਰ ਕੀਤਾ ਸੀ ਕਿ ਜੇਕਰ ਉਹ ਨੰਗੇ ਹੋ ਕੇ ਪੂਜਾ ਕਰੇਗਾ ਤਾਂ ਉਸਦੇ ਪਿਤਾ ਵਲੋਂ ਲਿਆ ਗਿਆ ਕਰਜ਼ਾ ਮਾਫ ਹੋ ਜਾਵੇਗਾ।

ਅਧਿਕਾਰੀਆਂ ਨੇ ਮੁਲਜ਼ਮਾਂ ਦੀ ਪਛਾਣ ਸ਼ਰਨੱਪਾ ਤਲਵਾੜਾ, ਵਿਰੂਪਨਗੌੜਾ ਅਤੇ ਸ਼ਰਨੱਪਾ ਓਜਾਨਹੱਲੀ ਵਜੋਂ ਕੀਤੀ ਹੈ, ਸਾਰੇ ਕੋਪਲ ਦੇ ਰਹਿਣ ਵਾਲੇ ਹਨ ਅਤੇ ਪੀੜਤ ਦੇ ਜਾਣਕਾਰ ਹਨ। ਹਾਲਾਂਕਿ ਇਹ ਘਟਨਾ ਜੂਨ ਮਹੀਨੇ ਦੀ ਹੈ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ‘ਤੇ ਕਾਰਵਾਈ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਲੜਕੇ ਦੇ ਮਾਤਾ-ਪਿਤਾ ਨੂੰ ਵੀਡੀਓ ਬਾਰੇ ਪਤਾ ਲੱਗਣ ‘ਤੇ ਐਤਵਾਰ ਨੂੰ ਇਸ ਸਬੰਧ ‘ਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਅਧਿਕਾਰੀਆਂ ਦੀ ਮੰਨੀਏ ਤਾਂ ਤਿੰਨਾਂ ਦੋਸ਼ੀਆਂ ਨੇ ਨਾਬਾਲਗ ਦੇ ਮਾਤਾ-ਪਿਤਾ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ ਹੁਬਲੀ ‘ਚ ਜਲ ਜੀਵਨ ਮਿਸ਼ਨ ‘ਚ ਇਕੱਠੇ ਕੰਮ ਕਰਨ ਲਈ ਭੇਜਣ ਲਈ ਕਿਹਾ ਸੀ। ਲੜਕੇ ਦੇ ਪਿਤਾ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਮੇਰੇ ਲੜਕੇ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪੁਲਿਸ ਅਨੁਸਾਰ ਦੋਸ਼ੀ ਨੇ ਲੜਕੇ ਨੂੰ ਨੰਗਾ ਹੋਣ ਲਈ ਮਨਾ ਲਿਆ ਅਤੇ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਨੰਗੇ ਹੋ ਕੇ ਪੂਜਾ ਕਰੇਗਾ ਤਾਂ ਉਸਦੇ ਪਿਤਾ ਦਾ ਕਰਜ਼ਾ ਮਾਫ਼ ਹੋ ਜਾਵੇਗਾ। ਇੰਨਾ ਹੀ ਨਹੀਂ, ਉਸਨੇ ਬੱਚੇ ਨੂੰ ਇਹ ਵੀ ਕਿਹਾ ਕਿ ਅਜਿਹਾ ਕਰਨ ਨਾਲ ਉਸਦਾ ਪਰਿਵਾਰ ਅਮੀਰ ਬਣ ਜਾਵੇਗਾ। ਇਸ ਤੋਂ ਬਾਅਦ ਬੱਚੇ ਨੇ ਅਜਿਹਾ ਹੀ ਕੀਤਾ। ਹਾਲਾਂਕਿ, ਦੋਸ਼ੀ ਨੇ ਇਸਦੀ ਵੀਡੀਓ ਬਣਾ ਲਈ ਅਤੇ ਉਸਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ।