ਭਾਰੀ ਮੀਂਹ ਨਾਲ ਵਧਿਆ ਦਰਿਆਵਾਂ ਦਾ ਲੈਵਲ, ਭਾਖੜਾ ਡੈਮ ਵੀ ਖਤਰੇ ਦੇ ਨਿਸ਼ਾਨ ਨੇੜੇ, 11 ਜ਼ਿਲ੍ਹਿਆਂ ‘ਚ ਅਲਰਟ

0
2477

ਚੰਡੀਗੜ੍ਹ| ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ‘ਚ ਸ਼ੁੱਕਰਵਾਰ ਦੀ ਰਾਤ ਅਤੇ ਸ਼ਨੀਵਾਰ ਨੂੰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸੂਬੇ ਦੇ ਮੁੱਖ ਦਰਿਆ ਸਤਲੁਜ, ਰਾਵੀ, ਬਿਆਸ ਦੇ ਨਾਲ-ਨਾਲ ਘੱਗਰ ਅਤੇ ਉੱਜ ਦਰਿਆ ‘ਚ ਪਾਣੀ ਭਰ ਗਿਆ ਹੈ। ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਹਾਲਾਤਾਂ ਨੂੰ ਦੇਖਦੇ ਹੋਏ 11 ਜ਼ਿਲ੍ਹਿਆਂ ਵਿੱਚ ਅਲਰਟ ਘੋਸ਼ਿਤ ਕੀਤਾ ਗਿਆ ਹੈ।

ਮਾਨਸਾ ਅਤੇ ਸੰਗਰੂਰ ਵਿੱਚ ਘੱਗਰ ਦਾ ਪਾਣੀ ਘਰਾਂ ਵਿੱਚ ਵੜ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1651 ਨੂੰ ਪਾਰ ਕਰ ਗਿਆ ਹੈ, ਇਹ ਫਲੱਡ ਗੇਟ ਪੱਧਰ ਤੋਂ 6 ਫੁੱਟ ਉੱਪਰ ਹੈ, ਪਰ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ 29 ਫੁੱਟ ਹੇਠਾਂ ਹੈ। ਪੌਂਗ ਡੈਮ ਤੋਂ ਸ਼ਾਹ ਨਹਿਰ ਬੈਰਾਜ ਲਈ ਵੀ 39,286 ਕਿਊਸਿਕ ਪਾਣੀ ਛੱਡਿਆ ਗਿਆ ਹੈ। ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਟਿਆਲਾ ਦੇ ਰਾਜਪੁਰਾ, ਘਨੌਰ ਅਤੇ ਦੂਧਨਸਾਧਨ ਨੇੜਲੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਪਟਿਆਲਾ ਸਬ-ਡਵੀਜ਼ਨ ਦੇ ਸੱਸੀ ਅਤੇ ਸੱਸਾ ਪਿੰਡਾਂ ਦੇ ਲੋਕਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਪਿੰਡ ਭਾਂਖਰਪੁਰ ਨੇੜੇ ਘੱਗਰ ਦਰਿਆ ਦਾ ਪਾਣੀ ਦਾ ਪੱਧਰ 9.5 ਫੁੱਟ ਤੱਕ ਪਹੁੰਚ ਗਿਆ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 0.5 ਫੁੱਟ ਹੇਠਾਂ ਹੈ। ਸੰਗਰੂਰ ਵਿੱਚ ਘੱਗਰ ਦਰਿਆ ਦਾ ਪਾਣੀ ਘਰਾਂ ਅਤੇ ਖੇਤਾਂ ਵਿੱਚ ਵੜ ਗਿਆ ਹੈ। ਪਠਾਨਕੋਟ ਵਿੱਚ ਦੁਨੇਰਾ-ਡਲਹੌਜ਼ੀ ਸੜਕ ਨੂੰ ਬਹਾਲ ਨਹੀਂ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। 25 ਅਤੇ 26 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਪੰਜਾਬ ਵਿੱਚ ਕੁਝ ਥਾਵਾਂ ’ਤੇ ਤੇਜ਼ ਗਰਜ ਅਤੇ ਬਿਜਲੀ ਵੀ ਡਿੱਗ ਸਕਦੀ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਤਿੰਨ ਦਿਨਾਂ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਪੰਜਾਬ ਵਿੱਚ ਮੀਂਹ ਕਾਰਨ 19 ਜ਼ਿਲ੍ਹਿਆਂ ਦੇ 1457 ਪਿੰਡ ਅਜੇ ਵੀ ਹੜ੍ਹਾਂ ਦੀ ਮਾਰ ਹੇਠ ਹਨ। ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਇਸ ਖ਼ਤਰੇ ਤੋਂ ਛੁਟਕਾਰਾ ਪਾਉਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਹੁਣ ਤੱਕ 27221 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। 170 ਰਾਹਤ ਕੈਂਪਾਂ ਵਿੱਚ ਕੁੱਲ 4909 ਲੋਕ ਰਹਿ ਰਹੇ ਹਨ। ਹੜ੍ਹ ਕਾਰਨ ਹੁਣ ਤੱਕ 40 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਪੰਦਰਾਂ ਲੋਕ ਜ਼ਖਮੀ ਹੋ ਗਏ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੁੱਕੇ ਭੋਜਨ ਦੇ ਪੈਕੇਟ ਵੰਡੇ ਜਾ ਰਹੇ ਹਨ।

ਹੁਣ ਤੱਕ ਰੂਪਨਗਰ ਵਿੱਚ 22896, ਪਟਿਆਲਾ ਵਿੱਚ 64000, ਮੁਹਾਲੀ ਵਿੱਚ 4800, ਐਸਬੀਐਸ ਨਗਰ ਵਿੱਚ 5700 ਅਤੇ ਫਤਿਹਗੜ੍ਹ ਸਾਹਿਬ ਵਿੱਚ 2200 ਸੁੱਕੇ ਭੋਜਨ ਦੇ ਪੈਕੇਟ ਵੰਡੇ ਜਾ ਚੁੱਕੇ ਹਨ। ਇਸ ਸਮੇਂ ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸਏਐਸ ਨਗਰ, ਜਲੰਧਰ, ਸੰਗਰੂਰ, ਐਸਬੀਐਸ ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ ਅਤੇ ਪਠਾਨਕੋਟ ਹੜ੍ਹ ਦੀ ਲਪੇਟ ਵਿੱਚ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ

ਵਿਭਾਗ ਦੀਆਂ ਬਚਾਅ ਟੀਮਾਂ ਲੋੜਵੰਦ ਪਸ਼ੂਆਂ ਨੂੰ ਇਲਾਜ, ਫੀਡ, ਚਾਰਾ ਅਤੇ ਸਿਲੇਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਕੁੱਲ 2252 ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ 4016 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਹੜ੍ਹ ਰਾਹਤ ਕੈਂਪ ਵੀ ਲਗਾਏ ਜਾ ਰਹੇ ਹਨ। 463 ਰੈਪਿਡ ਰਿਸਪਾਂਸ ਟੀਮਾਂ (RRT) ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰਾਂ ਵਿੱਚ 244 ਮੈਡੀਕਲ ਕੈਂਪ ਲਗਾਏ ਹਨ ਅਤੇ ਓਪੀਡੀ ਦੀ ਕੁੱਲ ਗਿਣਤੀ 6900 ਹੈ।