ਨਵੀਂ ਦਿੱਲੀ | ਦਿੱਲੀ ਦੇ ਆਰਕੇ ਪੁਰਮ ਇਲਾਕੇ ਵਿਚ ਕਈ ਰਾਊਂਡ ਫਾਇਰਿੰਗ ਕਰਕੇ 2 ਭੈਣਾਂ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਵਿਚੋਂ ਅਰਜੁਨ ਅਤੇ ਦੇਵ ਸ਼ਾਮਲ ਹਨ। ਡੀਸੀਪੀ ਸਾਊਥ ਵੈਸਟ ਸੀ ਮਨੋਜ ਨੇ ਅੰਬੇਡਕਰ ਬਸਤੀ ਇਲਾਕੇ ਵਿਚ 2 ਔਰਤਾਂ ਦੀ ਹੱਤਿਆ ਦੇ ਮੁੱਖ ਮੁਲਜ਼ਮ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁੱਢਲੀ ਜਾਂਚ ਵਿਚ ਵੱਡਾ ਖੁਲਾਸਾ ਕੀਤਾ ਹੈ। ਦੱਸ ਦਈਏ ਕਿ ਐਤਵਾਰ ਤੜਕੇ ਦੋਹਰੇ ਕਤਲ ਕਾਂਡ ਦੀ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਘਰੋਂ ਬਾਹਰ ਆਏ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਇਸ ਘਟਨਾ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਦੱਸ ਦਈਏ ਕਿ ਜੋਤੀ ਅਤੇ ਪਿੰਕੀ ਦੇ ਭਰਾ ਨੇ ਬਦਮਾਸ਼ਾਂ ਤੋਂ 15 ਹਜ਼ਾਰ ਰੁਪਏ ਲਏ ਸਨ। ਬਦਮਾਸ਼ ਸਵੇਰੇ ਇਹ ਪੈਸੇ ਲੈਣ ਆਏ ਸਨ। ਜੋਤੀ ਅਤੇ ਪਿੰਕੀ ਦੀ ਭਰਜਾਈ ਨੇ ਦੱਸਿਆ ਕਿ ਬਦਮਾਸ਼ਾਂ ਨੇ ਘਰ ਦੇ ਦਰਵਾਜ਼ੇ ਨੂੰ ਕਈ ਵਾਰ ਧੱਕਾ ਦਿੱਤਾ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਸਵੇਰੇ ਸਾਢੇ 4 ਵਜੇ ਬਦਮਾਸ਼ ਫਿਰ ਆ ਗਏ ਤੇ ਦਰਵਾਜ਼ਾ ਖੜਕਾਇਆ। ਇਸ ਵਾਰ ਘਰ ਦੇ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਿਆ।
ਰਿਸ਼ਤੇਦਾਰਾਂ ਮੁਤਾਬਕ ਬਦਮਾਸ਼ ਭਰਾ ਨੂੰ ਗੋਲੀ ਮਾਰਨ ਵਾਲੇ ਸਨ ਪਰ ਦੋਵੇਂ ਭੈਣਾਂ ਉਸ ਦੇ ਸਾਹਮਣੇ ਆ ਗਈਆਂ। ਇਸ ਤੋਂ ਬਾਅਦ ਬਦਮਾਸ਼ਾਂ ਨੇ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਦੇ ਹੀ ਦੋਵੇਂ ਭੈਣਾਂ ਜ਼ਮੀਨ ‘ਤੇ ਡਿੱਗ ਗਈਆਂ ਤੇ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।