ਵਿਆਹੁਤਾ ਨੂੰ ਜਾਨੋਂ ਮਾਰਨ ਦਾ ਸਹੁਰਾ ਪਰਿਵਾਰ ‘ਤੇ ਲਗਾ ਦੋਸ਼, 4 ਸਾਲ ਪਹਿਲਾਂ ਹੋਇਆ ਸੀ ਵਿਆਹ

0
566

ਗੁਰਦਾਸਪੁਰ | ਪੁਲਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਕੋਹਾਲੀ ਵਿੱਚ ਚਾਰ ਸਾਲਾਂ ਪਹਿਲਾਂ ਵਿਆਹੀ ਲੜਕੀ ਨੂੰ ਸਹੁਰਾ ਪਰਿਵਾਰ ਵੱਲੋਂ ਫਾਹਾ ਦੇ ਕੇ ਮਾਰਨ ਦੇ ਪੇਕੇ ਪਰਿਵਾਰ ਵੱਲੋਂ ਦੋਸ਼ ਲਾਏ ਜਾਣ ਦਾ ਸਮਾਚਾਰ ਮਿਲਿਆ ਹੈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਰੀਨਾ ਦੇ ਮਾਮੇ ਅਤੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰੀਨਾ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਰਸ਼ਪਾਲ ਮਸੀਹ ਪੁੱਤਰ ਕਰਮਾ ਮਸੀਹ ਵਾਸੀ ਪਿੰਡ ਕੋਹਾਲੀ ਨਾਲ ਹੋਇਆ ਸੀ, ਜਿਸ ਦੇ 2 ਬੱਚੇ ਹਨ ਅਤੇ ਅਕਸਰ ਹੀ ਉਸ ਦੀ ਭਾਣਜੀ ਦਾ ਪਤੀ ਅਤੇ ਸਹੁਰਾ-ਸੱਸ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਪਹਿਲਾਂ ਵੀ ਸਾਡਾ ਇੱਕ ਵਾਰ ਪਰਿਵਾਰ ਨਾਲ ਰਾਜ਼ੀਨਾਮਾ ਹੋ ਚੁੱਕਿਆ ਹੈ ਪਰ ਬੀਤੀ ਦੇਰ ਰਾਤ ਉਨ੍ਹਾਂ ਦੀ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਰੱਸੀ ਨਾਲ ਗਲਾ ਘੁੱਟ ਕੇ ਜਾਨ ਤੋਂ ਮਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਬਾਥਰੂਮ ਵਿਚ ਲਿਜਾ ਕੇ ਉਸ ਦੇ ਗਲ ਵਿਚ ਚੁੰਨੀ ਪਾ ਕੇ ਉਸ ਨੂੰ ਅੰਦਰ ਲੱਗੀ ਇਕ ਅਲਮੂਨੀਅਮ ਦੇ ਦਰਵਾਜ਼ੇ ਦੀ ਰਾਡ ਨਾਲ ਲਮਕਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਜਵਾਈ ਰਸ਼ਪਾਲ ਮਸੀਹ ਪੁਲਿਸ ਨੂੰ ਸੂਚਿਤ ਕਰਨ ਲਈ ਚਲਾ ਗਿਆ।ਪੇਕੇ ਪਰਿਵਾਰ ਨੇ ਦੋਸ਼ ਲਗਾਏ ਕਿ ਉਨ੍ਹਾਂ ਦੀ ਲੜਕੀ ਨੂੰ ਉਸ ਦੇ ਜਵਾਈ ਰਸ਼ਪਾਲ ਸਿੰਘ ਅਤੇ ਸਹੁਰਾ ਕਰਮਾ ਮਸੀਹ ਅਤੇ ਸੱਸ ਪਿਆਰੀ ਮਸੀਹ ਨੇ ਰਲ ਕੇ ਜਾਨ ਤੋਂ ਮਾਰ ਦਿੱਤਾ ਅਤੇ ਹੁਣ ਝੂਠੀਆਂ ਕਹਾਣੀਆਂ ਬਣਾ ਰਹੇ ਹਨ ਕਿ ਉਨ੍ਹਾਂ ਦੀ ਲੜਕੀ ਨੇ ਖੁਦ ਫਾਹਾ ਲਿਆ ਹੈ, ਜਦਕਿ ਉਨ੍ਹਾਂ ਦੀ ਲੜਕੀ ਇਹ ਕਦਮ ਨਹੀਂ ਚੁੱਕ ਸਕਦੀ ਸੀ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਦੇ ਜ਼ਿੰਮੇਵਾਰ ਲੜਕੀ ਦਾ ਸਹੁਰਾ ਪਰਿਵਾਰ ਹੈ, ਇਸ ਲਈ ਉਨ੍ਹਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ ।

ਉਧਰ ਦੂਜੇ ਪਾਸੇ ਘਟਨਾ ਸਥਾਨ ‘ਤੇ ਪਹੁੰਚੇ ਪੁਲਸ ਥਾਣਾ ਘੁਮਾਣ ਦੇ ਐੱਸਐੱਚਓ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਚੌਕੀ ਊਧਨਵਾਲ ਦੇ ਇੰਚਾਰਜ ਪੰਜਾਬ ਸਿੰਘ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਪਿੰਡ ਕੋਹਾਲੀ ਦੇ ਵਿੱਚ ਇੱਕ ਲੜਕੀ ਨੂੰ ਉਨ੍ਹਾਂ ਦੇ ਸਹੁਰਾ ਪਰਿਵਾਰ ਵੱਲੋਂ ਫਾਹਾ ਦੇ ਕੇ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਲਈ ਭੇਜ ਦਿੱਤਾ ਗਿਆ ਅਤੇ ਲੜਕੀ ਦੇ ਪੇਕਾ ਪਰਿਵਾਰ ਅਤੇ ਸਹੁਰਾ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ, ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਵੇਗੀ, ਉਸ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਪੁਲਿਸ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਲੜਕੀ ਦੇ ਪਤੀ ਸੱਸ ਅਤੇ ਸਹੁਰਾ ਨੂੰ ਉਨ੍ਹਾਂ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।