ਬਠਿੰਡਾ| ਬਠਿੰਡਾ ਦੀ ਸੈਂਟਰਲ ਜੇਲ੍ਹ ਵਿਚ ਭੁੱਖ ਹੜਤਾਲ ਉਤੇ ਬੈਠੇ ਏ ਕੈਟਾਗਿਰੀ ਗੈਂਗਸਟਰਾਂ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਗੈਂਗਸਟਰ ਜੇਲ ਵਿਚ ਟੀਵੀ ਤੇ ਮੋਬਾਈਲ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖਬਰਾਂ ਦੇਖਣ ਲਈ ਟੀਵੀ ਤੇ ਆਪਣੇ ਵਕੀਲਾਂ ਨਾਲ ਗੱਲ ਕਰਨ ਲਈ ਫੋਨ ਦੀ ਸਹੂਲਤ ਦਿੱਤੀ ਜਾਵੇ। ਕੈਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਉਤੇ ਇਕੱਲੇ-ਇਕੱਲੇ ਉਤੇ 15-15 ਤਾਂ ਕੇਸ ਚੱਲ ਰਹੇ ਨੇ ਤੇ ਫੋਨ ਕਾਲਜ਼ ਉਨ੍ਹਾਂ ਨੂੰ 5 ਹੀ ਅਲਾਊਡ ਹਨ। ਜਿਸ ਕਾਰਨ ਉਹ ਆਪਣੇ ਵਕੀਲਾਂ ਨਾਲ ਵੀ ਸਹੀ ਤਰ੍ਹਾਂ ਗੱਲ ਨਹੀਂ ਕਰ ਪਾ ਰਹੇ। ਤੇ ਟੈਲੀਵਿਜ਼ਨ ਨਾ ਹੋਣ ਕਾਰਨ ਵੀ ਉਨ੍ਹਾਂ ਦਾ ਟਾਈਮ ਪਾਸ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਕਰੰਟ ਖਬਰ ਦਾ ਪਤਾ ਲੱਗਦਾ ਹੈ।
ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਕੈਦੀਆਂ ਦੇ ਵਕੀਲ ਨੇ ਸੀਐਮ ਆਫਿਸ ਇਸ ਮੁਸ਼ਕਲ ਨੂੰ ਲੈ ਕੇ ਮੇਲ ਭੇਜੀ ਸੀ, ਜਿਸਨੂੰ ਸੀਐਮ ਆਫਿਸ ਨੇ ਫਾਰਵਰਡ ਕਰਕੇ ਜੇਲ੍ਹ ਅਧਿਕਾਰੀਆਂ ਨੂੰ ਇਸ ਮੁਸ਼ਕਲ ਦਾ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ।
ਦੂਜੇ ਪਾਸੇ ਗੈਂਗਸਟਰਾਂ ਦੇ ਵਕੀਲ ਦਾ ਕਹਿਣਾ ਹੈ ਕਿ ਜੇਕਰ ਇਕ ਦਿਨ ਵਿਚ ਕੈਦੀਆਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਉਹ ਹਾਈਕੋਰਟ ਵਿਚ ਰਿੱਟ ਦਾਖਲ ਕਰਨਗੇ।