ਮਾਨ ਸਰਕਾਰ ਨੇ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ ਜਾਰੀ ਕੀਤੀ ਹੁਣ ਤਕ ਦੀ ਸਭ ਤੋਂ ਵੱਡੀ ਗ੍ਰਾਂਟ

0
2459

ਖੇਡ ਵਿਭਾਗ ਨੇ ਡੀਸੀ ਜਲੰਧਰ ਨੂੰ ਭੇਜੇ 23.16 ਲੱਖ ਰੁਪਏ

ਇਸ ਰਕਮ ਨਾਲ ਬਣੇਗਾ ਨਵਾਂ ਸਿੰਥੈਟਿਕ ਕੋਰਟ, ਜਿਮਨੇਜੀਅਮ ਅਤੇ ਹੋਸਟਲ ਬਲਾਕ ਦਾ ਹੋਵੇਗਾ ਨਵੀਨੀਕਰਣ

ਐਸੋਸੀਏਸ਼ਨ ਨੇ ਮੁੱਖ ਮੰਤਰੀ ਮਾਨ ਅਤੇ ਖੇਡ ਮੰਤਰੀ ਮੀਤ ਹੇਅਰ ਦਾ ਕੀਤਾ ਧੰਨਵਾਦ

ਜਲੰਧਰ | ਪੰਜਾਬ ਵਿਚ ਖੇਡਾਂ ਦੇ ਵਿਕਾਸ ਲਈ ਵਚਨਬੱਧ ਮਾਨ ਸਰਕਾਰ ਨੇ ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਲਈ 23.16 ਲੱਖ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸ ਗ੍ਰਾਂਟ ਨਾਲ ਸਟੇਡੀਅਮ ਵਿਚ ਕਈ ਜ਼ਰੂਰੀ ਕੰਮਾਂ ਨੂੰ ਪੂਰਾ ਕਰਵਾਇਆ ਜਾਵੇਗਾ। ਡੀਬੀਏ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਅੱਜ ਤੱਕ ਹੰਸਰਾਜ ਬੈਡਮਿੰਟਨ ਸਟੇਡੀਅਮ ਦੇ ਇਤਿਹਾਸ ਵਿਚ ਇੰਨੀ ਵੱਡੀ ਗ੍ਰਾਂਟ ਨਹੀਂ ਮਿਲੀ, ਇਸ ਲਈ ਉਹ ਦਿਲ ਤੋਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਖੇਡ ਵਿਭਾਗ ਨੇ ਡੀਸੀ ਜਲੰਧਰ ਵਿਸ਼ੇਸ਼ ਸਰੰਗਲ ਨੂੰ 23.16 ਲੱਖ ਰੁਪਏ ਭੇਜ ਦਿੱਤੇ ਹਨ ਅਤੇ ਡੀਸੀ ਨੇ ਇਹ ਰਕਮ ਪੀਡਬਲਯੂਡੀ ਵਿਭਾਗ ਨੂੰ ਟੈਂਡਰ ਜਾਰੀ ਕਰਕੇ ਕੰਮ ਨੂੰ ਤੁਰੰਤ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਇਸ ਰਕਮ ਨਾਲ ਸਟੇਡੀਅਮ ਦੇ ਵੱਖ-ਵੱਖ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ ਜਿਨ੍ਹਾਂ ਵਿਚ ਨਵਾਂ ਸਿੰਥੈਟਿਕ ਕੋਰਟ ਬਣਾਉਣਾ, ਹੋਸਟਲ ਬਲਾਕ ਦਾ ਆਧੁਨਿਕੀਕਰਨ ਕਰਨਾ ਅਤੇ ਜਿਮਨੇਜੀਅਮ ਨੂੰ ਵੱਡਾ ਕਰਨਾ ਸ਼ਾਮਲ ਹੈ। ਮੌਜੂਦਾ ਸਮੇਂ ਵਿਚ ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਚ ਪੰਜ ਸਿੰਥੈਟਿਕ ਕੋਰਟ ਲੱਗੇ ਹਨ ਅਤੇ ਵੱਖ-ਵੱਖ ਸ਼ਿਫਟਾਂ ਵਿਚ ਸੈਂਕੜੇ ਖਿਡਾਰੀ ਇਥੇ ਅਭਿਆਸ ਕਰਦੇ ਹਨ। ਇਸਦੇ ਬਾਵਜੂਦ ਕੋਰਟ ਘੱਟ ਹੋਣ ਦੀ ਵਜ੍ਹਾ ਨਾਲ ਐਸੋਸੀਏਸ਼ਨ ਕਈ ਖਿਡਾਰੀਆਂ ਨੂੰ ਦਾਖਲਾ ਨਹੀਂ ਦੇ ਪਾ ਰਹੀ ਸੀ ਜੋ ਕਿ ਇਥੇ ਅਭਿਆਸ ਕਰਨਾ ਚਾਹੁੰਦੇ ਹਨ।

ਇਸ ਲਈ ਇੱਕ ਹੋਰ ਨਵਾਂ ਸਿੰਥੈਟਿਕ ਕੋਰਟ ਦੇ ਬਣ ਜਾਣ ਨਾਲ ਜ਼ਿਆਦਾ ਖਿਡਾਰੀ ਸਟੇਡੀਅਮ ਵਿਚ ਅਭਿਆਸ ਕਰ ਸਕਣਗੇ। ਛੇਵੇਂ ਸਿੰਥੈਟਿਕ ਕੋਰਟ ਨਾਲ ਇਥੇ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਕਰਵਾਉਣ ਦਾ ਵੀ ਰਸਤਾ ਸਾਫ ਹੋ ਜਾਵੇਗਾ। ਰਿਤਿਨ ਖੰਨਾ ਨੇ ਦੱਸਿਆ ਕਿ ਹੁਣ ਜਿਮਨੇਜੀਅਮ ਦਾ ਆਕਾਰ ਵੱਡਾ ਕਰਕੇ ਇਸ ਨੂੰ ਆਧੁਨਿਕ ਮਸ਼ੀਨਾਂ ਨਾਲ ਲੈਸ ਕੀਤਾ ਜਾਵੇਗਾ। ਸਟੇਡੀਅਮ ਦੇ ਹੋਸਟਲ ਬਲਾਕ ਦਾ ਵੀ ਨਵੀਨੀਕਰਨ ਹੋਵੇਗਾ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਖਿਡਾਰੀ ਜਲੰਧਰ ਆ ਕੇ ਲੋੜੀਂਦੀ ਸਿੱਖਿਆ ਹਾਸਲ ਕਰ ਸਕਣਗੇ। ਐਸੋਸੀਏਸ਼ਨ ਦੀ ਮਦਦ ਕਰਨ ਲਈ ਡੀਬੀਏ ਦੇ ਸਕੱਤਰ ਰਿਤਿਨ ਖੰਨਾ ਨੇ ਖੇਡ ਮੰਤਰੀ ਮੀਤ ਹੇਅਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਦਮ ਉਨ੍ਹਾਂ ਦੇ ਬੈਡਮਿੰਟਨ ਪ੍ਰੇਮ ਨੂੰ ਦਰਸਾਉਂਦਾ ਹੈ।

ਹੰਸਰਾਜ ਬੈਡਮਿੰਟਨ ਸਟੇਡੀਅਮ ਉੱਤਰ ਭਾਰਤ ਵਿਚ ਬੈਡਮਿੰਟਨ ਖਿਡਾਰੀਆਂ ਲਈ ਹੱਬ ਬਣ ਚੁੱਕਾ ਹੈ। ਇਥੇ 5 ਸਿੰਥੈਟਿਕ ਕੋਰਟ ਹਨ ਅਤੇ ਛੇਵਾਂ ਬਣਨ ਵਾਲਾ ਹੈ। ਖਿਡਾਰੀਆਂ ਨੂੰ ਵਧੀਆ ਖਾਣਾ ਮੁਹੱਈਆ ਕਰਵਾਉਣ ਲਈ ਇਥੇ ਰੈਸਟੋਰੈਂਟ ਹੈ। ਸਟੇਡੀਅਮ ਵਿਚ ਓਲੰਪੀਅਨ ਦੀਪਾਂਕਰ ਅਕੈਡਮੀ ਦੇ ਜ਼ਰੀਏ ਖਿਡਾਰੀ ਬੈਡਮਿੰਟਨ ਦੀਆਂ ਨਵੀਆਂ ਤਕਨੀਕਾਂ ਸਿੱਖ ਕੇ ਖੁਦ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰ ਰਹੇ ਹਨ। ਇਥੇ ਫਿਜ਼ੀਓਥੈਰੇਪੀ ਸੈਂਟਰ ਵੀ ਹੈ, ਜਿੱਥੇ ਖਿਡਾਰੀਆਂ ਦੇ ਜ਼ਖ਼ਮੀ ਹੋਣ ’ਤੇ ਤੁਰੰਤ ਇਲਾਜ ਕੀਤਾ ਜਾਂਦਾ ਹੈ। ਸਟੇਡੀਅਮ ਵਿੱਚ ਸਪੋਰਟਸ ਸ਼ਾਪ ਵੀ ਹੈ ਜਿਥੇ ਸਸਤੀਆਂ ਕੀਮਤਾਂ ’ਤੇ ਖੇਡ ਸਮੱਗਰੀ ਆਸਾਨੀ ਨਾਲ ਖਿਡਾਰੀਆਂ ਨੂੰ ਮਿਲ ਜਾਂਦੀ ਹੈ।

ਹੰਸਰਾਜ ਸਟੇਡੀਅਮ ਦਾ ਇਹ ਨਵੀਨੀਕਰਨ ਪਿਛਲੇ ਤਿੰਨ ਸਾਲਾਂ ਵਿਚ ਅੰਤਰਿਮ ਕਮੇਟੀ ਦੀ ਦੇਖ-ਰੇਖ ਵਿੱਚ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਸਰਕਾਰ ‘ਚ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਸਟੇਡੀਅਮ ਪੁੱਜੇ ਸਨ ਅਤੇ ਉਨ੍ਹਾਂ ਨੇ ਵੀ ਕਮੇਟੀ ਵੱਲੋਂ ਕੀਤੇ ਕੰਮਾਂ ਦੀ ਤਾਰੀਫ ਕੀਤੀ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)