ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਹੋਵੇਗੀ ਸਿੱਖ ਕਤਲੇਆਮ ਦੀ 9 ਫਰਵਰੀ ਨੂੰ ਸੁਣਵਾਈ

0
974

ਮੋਗਾ/ਹਰਿਆਣਾ | ਹਰਿਆਣਾ ਵਿਚ 47 ਸਿੱਖਾਂ ਦੇ ਕਤਲੇਆਮ ਸਮੇਤ 83 ਹੋਰ ਪੀੜਤਾਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਕੀਤੇ 133 ਮਾਮਲਿਆਂ ਦੀ ਸੁਣਵਾਈ 9 ਫਰਵਰੀ ਨੂੰ ਹੋਣ ਜਾ ਰਹੀ ਹੈ। ਇਸ ਮਾਮਲੇ ਦੀ ਕਾਨੂੰਨੀ ਪੈਰਵੀ ਹਾਈਕੋਰਟ ਦੇ ਸੀਨੀਅਰ ਵਕੀਲ ਗਗਨਦੀਪ ਸਿੰਘ ਕਰ ਰਹੇ ਹਨ।

ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ 32 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਲੜਾਈ ਦੇ ਨਾਲ-ਨਾਲ ਹੁਣ ਗੁੜਗਾਓਂ ਅਤੇ ਪਟੌਦੀ ’ਚ 47 ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕਾਨੂੰਨੀ ਚਾਰਾਜ਼ੋਈ ਰਾਹੀਂ ਮੁੱਦਾ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਕਤਲੇਆਮ ਸਮੇਂ 297 ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੌਰਾਨ 47 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਦਕਿ ਬਹੁਤਿਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ ਤੇ ਘਰ ਵੀ ਉਜਾੜ ਦਿੱਤੇ ਗਏ ਸਨ। ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ ਮੌਕੇ ਦੇ ਗਵਾਹ ਪੀੜਤ ਸੰਤੋਖ ਸਿੰਘ ਸਾਹਨੀ ਰਾਹੀਂ ਹਾਈ ਕੋਰਟ ਵਿਖੇ ਕੇਸ ਲਾਏ ਗਏ ਹਨ।

ਇਸ ਮੌਕੇ ਗੁਰਦੀਪ ਸਿੰਘ ਕੁਰੂਕਸ਼ੇਤਰ, ਲਖਵੀਰ ਸਿੰਘ ਰੰਡਿਆਲਾ, ਬਲਕਰਨ ਸਿੰਘ ਢਿੱਲੋਂ ਮੋਗਾ, ਜਸਵਿੰਦਰ ਸਿੰਘ ਦਾਤੇ ਵਾਲਾ, ਸੁਖਰਾਜ ਸਿੰਘ ਗੁਰਦਾਸਪੁਰ ਆਦਿ ਹਾਜ਼ਰ ਸਨ।