ਜਲੰਧਰ ਪੁੱਜੇ ਸਿਹਤ ਮੰਤਰੀ, ਘਰਾਂ ਤੇ ਸਰਕਾਰੀ ਇਮਾਰਤਾਂ ‘ਚ ਜਾ ਕੇ ਕੀਤੀ ਇਸ ਚੀਜ਼ ਦੀ ਜਾਂਚ

0
329

ਜਲੰਧਰ, 25 ਅਕਤੂਬਰ | ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਜਲੰਧਰ ਪਹੁੰਚੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਕਈ ਥਾਵਾਂ ’ਤੇ ਘਰਾਂ, ਸਕੂਲਾਂ ਅਤੇ ਸਰਕਾਰੀ ਇਮਾਰਤਾਂ ਦਾ ਨਿਰੀਖਣ ਕੀਤਾ। ਜਿੱਥੇ ਉਨ੍ਹਾਂ ਨੇ ਸਾਰੀਆਂ ਥਾਵਾਂ ‘ਤੇ ਪਾਣੀ ਦੀ ਵਿਵਸਥਾ ਨੂੰ ਸਮਝਿਆ ਅਤੇ ਜਾਂਚ ਕੀਤੀ ਕਿ ਕੀ ਡੇਂਗੂ ਵਰਗੀ ਸਥਿਤੀ ਪੈਦਾ ਹੋ ਗਈ ਹੈ।

ਜਦੋਂ ਮੰਤਰੀ ਇਕ ਘਰ ਦੇ ਅੰਦਰ ਪਹੁੰਚੇ ਤਾਂ ਉਨ੍ਹਾਂ ਨੇ ਘਰ ਦੀ ਛੱਤ ‘ਤੇ ਜਾ ਕੇ ਦੇਖਿਆ ਕਿ ਉਥੇ ਗੰਦੇ ਪਾਣੀ ਨਾਲ ਭਰਿਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਉਕਤ ਜਗ੍ਹਾ ਦੀ ਸਫਾਈ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਨਾਲ ਜਲੰਧਰ ਦੇ ਡੀਸੀ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

ਜਲੰਧਰ ਪਹੁੰਚੇ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ‘ਡੇਂਗੂ ‘ਤੇ ਵਾਰ’ ਮੁਹਿੰਮ ਦਾ ਨਾਂ ਦਿੱਤਾ ਗਿਆ ਹੈ। ਇਸ ਤਹਿਤ ਹਰ ਸ਼ੁੱਕਰਵਾਰ ਨੂੰ ਕਿਸੇ ਨਾ ਕਿਸੇ ਜ਼ਿਲੇ ਵਿਚ ਚੈਕਿੰਗ ਕੀਤੀ ਜਾਂਦੀ ਹੈ। ਇਸੇ ਲੜੀ ਤਹਿਤ ਅੱਜ ਅਸੀਂ ਚੈਕਿੰਗ ਲਈ ਜਲੰਧਰ ਪੁੱਜੇ ਹਾਂ। ਚੈਕਿੰਗ ਦੌਰਾਨ ਆਸ਼ਾ ਵਰਕਰਾਂ ਸਮੇਤ ਕਈ ਅਧਿਕਾਰੀ ਨਿਰੀਖਣ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਪਹੁੰਚ ਗਏ ਹਨ।

ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਅੱਜ ਜਲੰਧਰ ਵਿਚ ਘਰਾਂ, ਸਕੂਲਾਂ ਅਤੇ ਕਈ ਸਰਕਾਰੀ ਅਦਾਰਿਆਂ ਦੀ ਚੈਕਿੰਗ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਫੁਲ ਸਲੀਵ ਕੱਪੜੇ ਪਾਉਣੇ, ਘਰਾਂ ਵਿਚ ਪਾਣੀ ਇਕੱਠਾ ਨਾ ਹੋਣ ਦੇਣਾ, ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਸਮੇਤ ਹੋਰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਨਾਲ ਡੇਂਗੂ ਦੇ ਕੇਸ ਘੱਟ ਹੋਣਗੇ।

ਮੰਤਰੀ ਬਲਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬ ਵਿਚ ਡੇਂਗੂ ਦੇ ਮਾਮਲਿਆਂ ਵਿਚ 70 ਫੀਸਦੀ ਕਮੀ ਆਈ ਹੈ ਅਤੇ ਹੁਣ ਤੱਕ ਸਿਰਫ਼ ਇਕ ਮੌਤ ਹੋਈ ਹੈ। ਨਹੀਂ ਤਾਂ ਪਿਛਲੇ ਸਾਲਾਂ ਵਿਚ ਇਸ ਸਮੇਂ ਪੂਰੇ ਪੰਜਾਬ ਵਿਚ ਹਾਹਾਕਾਰ ਮਚੀ ਹੋਈ ਸੀ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)