ਗੁਰਦਾਸਪੁਰ | ਪਨਬੱਸ ਦੇ ਗੁਰਸਿੱਖ ਡਰਾਈਵਰ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਦੋਂ ਬੱਸ ਲਿਜਾਣ ਵੇਲੇ ਡਰਾਈਵਰ ਨੇ ਦੇਖਿਆ ਕਿ ਉਸ ਦੀ ਬੱਸ ’ਚ ਇਕ ਬੈਗ ਕਿਸੇ ਮੁਸਾਫ਼ਿਰ ਦਾ ਰਹਿ ਗਿਆ ਹੈ ਤਾਂ ਉਸ ਵਲੋਂ ਇਹ ਜਾਂਚ ਕੀਤੀ ਕਿ ਬੈਗ ’ਚ ਕੀ ਸਾਮਾਨ ਹੈ। ਬੈਗ ਵਿਚ ਇਕ ਬਜ਼ੁਰਗ ਔਰਤ ਦਾ ਆਧਾਰ ਕਾਰਡ, ਕੁਝ ਕਾਗਜ਼ਾਤ ਅਤੇ ਸੋਨੇ ਦੀਆਂ ਵਾਲੀਆਂ ਸਨ ਅਤੇ ਉਸ ਨੇ ਉਸ ਬੈਗ ਦੇ ਸਹੀ ਮਾਲਕ ਦੀ ਤਲਾਸ਼ ਸ਼ੁਰੂ ਕੀਤੀ ਤਾਂ ਬੈਗ ਦੀ ਮਾਲਕਣ ਬਜ਼ੁਰਗ ਔਰਤ ਨੂੰ ਲੱਭ ਕੇ ਉਸ ਦਾ ਸਾਮਾਨ ਸਹੀ ਸਲਾਮਤ ਮੋੜ ਦਿੱਤਾ।
ਅੱਜ ਉਸ ਵਲੋਂ ਬੈਗ ਦੀ ਅਸਲ ਮਾਲਕਣ ਬਜ਼ੁਰਗ ਔਰਤ ਸੁਰਿੰਦਰ ਕੌਰ ਨੂੰ ਬਟਾਲਾ ਬੱਸ ਸਟੈਂਡ ’ਤੇ ਬੈਗ ਸਾਰੇ ਸਾਮਾਨ ਸਮੇਤ ਮੋੜ ਦਿੱਤਾ ਗਿਆ। ਉਥੇ ਹੀ ਉਕਤ ਔਰਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬੈਗ ਜਦੋਂ ਗ਼ਲਤੀ ਨਾਲ ਬੱਸ ’ਚ ਰਹਿ ਗਿਆ, ਬੈਗ ਵਿਚ ਉਸ ਦੇ ਜ਼ਰੂਰੀ ਕਾਗਜ਼ਾਤ ਸਨ, ਵਿਚ ਸੋਨਾ ਵੀ ਸੀ। ਬੱਸ ਡਰਾਈਵਰ ਨੇ ਈਮਾਨਦਾਰੀ ਦਿਖਾਈ ਅਤੇ ਉਸ ਦਾ ਸਾਮਾਨ ਵਾਪਸ ਮਿਲ ਗਿਆ।
ਪਨਬੱਸ ਡਰਾਈਵਰ ਤਿਰਲੋਕ ਸਿੰਘ ਦੀ ਈਮਾਨਦਾਰੀ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਤਿਰਲੋਕ ਦਾ ਕਹਿਣਾ ਹੈ ਕਿ ਮੁਸਾਫ਼ਿਰ ਕਈ ਵਾਰ ਆਪਣਾ ਸਾਮਾਨ ਬੱਸਾਂ ’ਚ ਛੱਡ ਜਾਂਦੇ ਹਨ ਅਤੇ ਉਸ ਨਾਲ ਵੀ ਬੀਤੇ ਕੱਲ ਕੁਝ ਇਸ ਤਰ੍ਹਾਂ ਹੀ ਹੋਇਆ ਜਦੋਂ ਉਹ ਚੰਡੀਗੜ੍ਹ ਤੋਂ ਬਟਾਲਾ ਵਾਪਸ ਆਪਣੀ ਬੱਸ ਲੈ ਕੇ ਜਾਣ ਲੱਗਾ ਤਾਂ ਉਸ ਨੇ ਦੇਖਿਆ ਕਿ ਬੱਸ ’ਚ ਇਕ ਬੈਗ ਹੈ ਅਤੇ ਪੜਤਾਲ ਕੀਤੀ ਤਾਂ ਸੋਨੇ ਦੇ ਗਹਿਣੇ ਵੀ ਸਨ ਅਤੇ ਇਕ ਆਧਾਰ ਕਾਰਡ ਵੀ ਮਿਲਿਆ। ਉਸ ਵਲੋਂ ਆਧਾਰ ਕਾਰਡ ’ਤੇ ਲਿਖੇ ਨੰਬਰ ’ਤੇ ਸੰਪਰਕ ਕੀਤਾ ਤਾਂ ਬੜੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬੈਗ ਦਾ ਅਸਲ ਮਾਲਕ ਮਿਲਿਆ ਜੋ ਇਕ ਬਜ਼ੁਰਗ ਔਰਤ ਸੀ।