3 ਹਫਤਿਆਂ ਤੱਕ ਮੁਰਦਾਘਰ ‘ਚ ਪਈ ਦਾਦੇ ਦੀ ਦੇਹ ਉਡੀਕਦੀ ਰਹੀ ਪੋਤੇ ਦਾ ਰਾਹ, ਅਦਾਲਤੀ ਹੁਕਮਾਂ ‘ਤੇ ਪੋਤੇ ਦੇ ਆਉਣ ਉਤੇ ਹੋਇਆ ਸਸਕਾਰ

0
1359

ਜੰਡਿਆਲਾ ਮੰਜਕੀ। ਸੱਭਿਅਕ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਉਸ ਵੇਲੇ ਧੱਕਾ ਲੱਗਾ, ਜਦੋਂ ਮੁਰਦਾਘਰ ਵਿਚ ਪਈ ਇਕ ਦਾਦੇ ਦੀ ਦੇਹ ਅੰਤਿਮ ਸੰਸਕਾਰ ਲਈ ਕਈ ਦਿਨ ਪੋਤੇ ਨੂੰ ਉਡੀਕਦੀ ਰਹੀ।

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਦੇ ਪਿਤਾ ਗੁਰਮੇਜ ਸਿੰਘ ਬੈਂਸ, ਜਿਨ੍ਹਾਂ ਦਾ ਲੰਘੀ 26 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ।, ਦੀ ਆਖਰੀ ਇੱਛਾ ਸੀ ਕਿ ਉਸਦਾ ਪੋਤਾ ਉਸਦੇ ਸਸਕਾਰ ਉਤੇ ਜ਼ਰੂਰ ਆਵੇ।

ਜ਼ਿਕਰਯੋਗ ਹੈ ਕਿ ਬੂਟਾ ਸਿੰਘ ਸ਼ਾਦੀਪੁਰ ਤੇ ਉਸਦੀ ਪਤਨੀ ਵਿਚਕਾਰ ਚਲਦੇ ਮਨ-ਮੁਟਾਅ ਕਾਰਨ ਉਹ ਅਲੱਗ-ਅਲੱਗ ਰਹਿ ਰਹੇ ਸਨ ਤੇ ਉਸਦੀ ਪਤਨੀ 3 ਸਾਲ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਤਲਾਕ ਦੇ ਕੇਸ ਲਗਾਉਣ ਉਤੇ ਪਤੀ-ਪਤਨੀ ਵਿਚਕਾਰ ਕੁੜੱਤਣ ਹੋਰ ਵਧ ਗਈ।, ਜਿਸ ਕਰਕੇ ਮ੍ਰਿਤਕ ਦੀ ਨੂੰਹ ਨੇ ਪੋਤੇ ਸਣੇ ਸਸਕਾਰ ਉਤੇ ਆਉਣ ਤੋਂ ਇਨਕਾਰ ਕਰ ਦਿੱਤਾ। ਪਿੰਡ ਦੀਆਂ ਪੰਚਾਇਤਾਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਕਈ ਆਗੂ ਵੀ ਪਰਿਵਾਰ ਨੂੰ ਨੇੜੇ ਲਿਆਉਣ ਦਾ ਯਤਨ ਕਰਦੇ ਥੱਕ ਹਾਰ ਕੇ ਬੈਠ ਗਏ।

ਬੂਟਾ ਸਿੰਘ ਸ਼ਾਦੀਪੁਰ ਆਪਣੇ ਬਾਪੂ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਸਹੁਰੇ ਪਰਿਵਾਰ ਦੇ ਘਰ ਧਰਨਾ ਲਾਉਣ ਵੀ ਗਿਆ ਪਰ ਕਾਮਯਾਬ ਨਾ ਹੋ ਸਕਿਆ। ਆਖਿਰ ਉਸਨੂੰ ਫਿਲੌਰ ਦੀ ਅਦਾਲਤ ਨੇ ਇਨਸਾਫ ਦਿੱਤਾ। ਅਦਾਲਤੀ ਹੁਕਮਾਂ ਉਤੇ ਮ੍ਰਿਤਕ ਗੁਰਮੇਜ ਸਿੰਘ ਦੇ ਪੋਤੇ ਨੂੰ, ਸਹੁਰਾ ਪਰਿਵਾਰ, ਜਿਸ ਵਿਚ ਬੂਟਾ ਸਿੰਘ ਸ਼ਾਦੀਪੁਰ ਦੀ ਪਤਨੀ ਤਜਿੰਦਰ ਕੌਰ ਵੀ ਸ਼ਾਮਲ ਸੀ, ਆਪਣੇ ਨਾਲ ਲੈ ਕੇ ਆਇਆ, ਤਾਂ ਕਿਤੇ ਜਾ ਕੇ ਅੰਤਿਮ ਸੰਸਕਾਰ ਹੋਇਆ।